ਓਲੰਪਿਕ: ਕੌਮੀ ਮਹਿਲਾ ਹਾਕੀ ਕੈਂਪ ਲਈ ਰਾਜਵਿੰਦਰ ਦੀ ਚੋਣ

ਓਲੰਪਿਕ-2020 ਦੀਆਂ ਤਿਆਰੀਆਂ ਲਈ 16 ਫਰਵਰੀ ਤੋਂ ਬੰਗਲੌਰ ’ਚ ਲੱਗਣ ਵਾਲੇ ਕੌਮੀ ਮਹਿਲਾ ਹਾਕੀ ਕੈਂਪ ਲਈ ਚੁਣੀਆਂ 25 ਖਿਡਾਰਨਾਂ ਵਿੱਚ ਆਟੋ ਚਾਲਕ ਦੀ ਧੀ ਰਾਜਵਿੰਦਰ ਵੀ ਸ਼ਾਮਲ ਹੈ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮੁਹਾਲ ਚੱਕ ਪੰਨੂਆ ਦੀ ਜੰਮਪਲ ਰਾਜਵਿੰਦਰ ਦਾ ਪਿਤਾ ਸਰਵਣ ਸਿੰਘ ਆਟੋ ਰਿਕਸ਼ਾ ਚਲਾਉਣ ਤੋਂ ਇਲਾਵਾ ਖੇਤੀਬਾੜੀ ਦਾ ਕੰਮ ਕਰਦਾ ਹੈ। ਬਠਿੰਡਾ ਦੇ ਡੀਏਵੀ ਕਾਲਜ ਦੀ ਵਿਦਿਆਰਥਣ ਰਾਜਵਿੰਦਰ ਨੇ ਦੱਸਿਆ ਕਿ ਇਸ ਕੈਂਪ ਰਾਹੀਂ ਟੋਕੀਓ ਓਲੰਪਿਕ ਲਈ ਭਾਰਤੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਜਾਵੇਗੀ। ਰਾਜਵਿੰਦਰ ਦੀ ਛੋਟੀ ਭੈਣ ਮਨਦੀਪ ਕੌਰ ਵੀ ਹਾਕੀ ਦੀ ਕੌਮੀ ਪੱਧਰ ਦੀ ਖਿਡਾਰਨ ਹੈ, ਜਦੋਂਕਿ ਵੀਰਪਾਲ ਕੌਰ ਕੁਸ਼ਤੀ ’ਚ ਭਾਰਤੀ ਜੂਨੀਅਰ ਦਲ ਦਾ ਹਿੱਸਾ ਬਣ ਚੁੱਕੀ ਹੈ।
ਰਾਜਵਿੰਦਰ ਕੌਰ ਜੂਨੀਅਰ ਏਸ਼ੀਆ ਕੱਪ-2016 ‘ਚੋਂ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੀ ਹੈ। ਉਸ ਦੀ ਨੁਮਾਇੰਦਗੀ ਵਾਲੀਆਂ ਟੀਮਾਂ ਨੇ ਕੌਮੀ ਪੱਧਰ ਦੇ ਜੂਨੀਅਰ ਮੁਕਾਬਲੇ (2016) ‘ਚੋਂ ਸੋਨ ਤਗ਼ਮਾ ਜਦੋਂਕਿ ਇੰਟਰਵਰਸਿਟੀ ਮੁਕਾਬਲਿਆਂ ‘ਚੋਂ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਰਾਜਵਿੰਦਰ ਕੌਰ ਦੇ ਕੋਚ ਰਾਜਵੰਤ ਸਿੰਘ ਮਾਨ ਕਿਹਾ ਕਿ ਉਸਦੀ ਆਪਣੀ ਖੇਡ ‘ਤੇ ਬਹੁਤ ਵਧੀਆ ਪਕੜ ਹੈ। ਭਾਰਤੀ ਹਾਕੀ ਨੂੰ ਉਸ ਤੋਂ ਕਾਫ਼ੀ ਉਮੀਦਾਂ ਹਨ, ਜਿਨ੍ਹਾਂ ’ਤੇ ਉਹ ਯਕੀਨੀ ਤੌਰ ’ਤੇ ਪੂਰਾ ਉਤਰੇਗੀ।

Previous articleਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦਾ ਦੇਹਾਂਤ
Next articleਹਾਈ ਕੋਰਟ ਦੇ ਹੁਕਮਾਂ ਨਾਲ ‘ਨਾਜਾਇਜ਼’; ਫ਼ਰੀਦਕੋਟ ਦਾ ਡੀਸੀ ਤਲਬ