ਜਲੰਧਰ– ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ (85) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਦਿਲ ਦੇ ਰੋਗ ਨਾਲ ਪੀੜਤ ਸਨ ਅਤੇ ਉਨ੍ਹਾਂ ਲੰਘੀ ਰਾਤ ਇਕ ਨਿੱਜੀ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਅੱਜ ਉਨ੍ਹਾਂ ਦਾ ਸਸਕਾਰ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ, ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਰਾਜ ਕੁਮਾਰ ਗੁਪਤਾ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਪਵਨ ਗੁਪਤਾ ਨੇ ਦਿਖਾਈ।
ਰਾਜ ਕੁਮਾਰ ਗੁਪਤਾ ਨੇ ਆਪਣਾ ਸਿਆਸੀ ਸਫ਼ਰ 1960 ’ਚ ਕਾਂਗਰਸ ਦੇ ਸੇਵਾ ਦਲ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਵੱਲੋਂ ਨਗਰ ਨਿਗਮ ’ਚ ਵਿਰੋਧੀ ਧਿਰ ਦੇ ਆਗੂ ਵਜੋਂ ਨਿਭਾਈ ਗਈ ਭੂਮਿਕਾ ਨੂੰ ਸ਼ਹਿਰ ਦੇ ਲੋਕ ਅੱਜ ਵੀ ਯਾਦ ਕਰਦੇ ਹਨ। ਨਗਰ ਨਿਗਮ ਹਾਊਸ ਵਿਚ ਦਿਖਾਈ ਗਈ ਉਨ੍ਹਾਂ ਦੀ ਦਲੇਰੀ ਕਾਰਨ ਸਾਲ 2002 ਵਿਚ ਉਨ੍ਹਾਂ ਨੂੰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਸੀ ਤੇ ਉਹ ਜੇਤੂ ਵੀ ਰਹੇ ਸਨ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਰਾਜ ਕੁਮਾਰ ਗੁਪਤਾ ਇਕੋ ਇਕ ਅਜਿਹੇ ਵਿਧਾਇਕ ਸਨ, ਜਿਨ੍ਹਾਂ ਦੀ ਉਦੋਂ ਟਿਕਟ ਕੱਟੀ ਗਈ ਸੀ। ਉਨ੍ਹਾਂ ਦੀ ਟਿਕਟ ਕੱਟਣੀ ਕਾਂਗਰਸ ਨੂੰ ਏਨੀ ਮਹਿੰਗੀ ਪਈ ਕਿ ਦੋਆਬੇ ਵਿਚੋਂ ਇਕ ਤਰ੍ਹਾਂ ਨਾਲ ਕਾਂਗਰਸ ਦਾ ਸਫ਼ਾਇਆ ਹੋ ਗਿਆ ਸੀ। ਉਦੋਂ ਸ੍ਰੀ ਗੁਪਤਾ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਰਾਜ ਕੁਮਾਰ ਗੁਪਤਾ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। 2017 ਦੀਆਂ ਚੋਣਾਂ ਦੌਰਾਨ ਵੀ ਉਨ੍ਹਾਂ ਨੂੰ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਸੀ ਪਰ ਕਾਂਗਰਸ ਹਾਈ ਕਮਾਂਡ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਬਾਵਾ ਹੈਨਰੀ ਨੂੰ ਦੇ ਦਿੱਤੀ ਸੀ। ਰਾਜ ਕੁਮਾਰ ਗੁਪਤਾ ਦੇ ਸਸਕਾਰ ਮੌਕੇ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਬਾਵਾ ਹੈਨਰੀ, ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਮਹਿੰਦਰ ਭਗਤ ਅਤੇ ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ, ਸਾਬਕਾ ਮੇਅਰ ਜੈ ਕਿਸ਼ਨ ਸੈਣੀ ਆਦਿ ਹਾਜ਼ਰ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਜ ਕੁਮਾਰ ਗੁਪਤਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੁਨੇਹੇ ਵਿਚ ਮੁੱਖ ਮੰਤਰੀ ਨੇ ਰਾਜ ਕੁਮਾਰ ਗੁਪਤਾ ਨੂੰ ਸੁਲਝਿਆ ਹੋਇਆ ਸਿਆਸਤਦਾਨ ਦੱਸਿਆ ਅਤੇ ਕਿਹਾ ਕਿ ਉਹ ਲੋਕਾਂ ਦੇ ਆਗੂ ਸਨ।
INDIA ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦਾ ਦੇਹਾਂਤ