(ਸਮਾਜ ਵੀਕਲੀ)
ਸੁਪਨਿਆਂ ਦੀ ਦੁਨੀਆਂ ਵੀ ਕਿੰਨੀ ਵੱਖਰੀ ਜਿਹੀ ਹੁੰਦੀ ਹੈ। ਇਹ ਸਾਡੀ ਕਲਪਨਾ ਚੋਂ ਉਪਜਦੇ ਹਨ। ਜਿਹੋ ਜਿਹੇ ਲੋਕਾਂ ਨਾਲ ਸਾਡਾ ਵਾਹ ਪੈਂਦਾ ਹੈ। ਜਿਹੋ ਜਿਹੀ ਸੋਚ ਅਸੀਂ ਰੱਖਦੇ ਹਾਂ, ਸੁਪਨੇ ਵੀ ਉਹੋ ਜਿਹੇ ਹੀ ਆਉਂਦੇ ਹਨ। ਇਹਨਾਂ ਦੀ ਦੁਨੀਆਂ ਕਦੀ ਬੜੀ ਸੋਹਣੀ ਅਤੇ ਕਦੀ ਭੈੜੀ ਜਿਹੀ ਵੀ ਹੁੰਦੀ ਹੈ। ਕਈ ਵਾਰ ਕੋਈ ਵਧੀਆ ਮਨਪਸੰਦ ਸੁਪਨਾ ਆਉਂਦਾ ਹੋਵੇ ਤਾਂ ਕੋਈ ਨੀਂਦ ਤੋਂ ਜਗਾ ਦੇਵੇ, ਫਿਰ ਬੜਾ ਗੁੱਸਾ ਆਉਂਦਾ ਹੈ। ਭੈੜਾ ਸੁਪਨਾ ਆਉਣ ‘ਤੇ ਅਸੀਂ ਆਪ ਹੀ ਡਰ ਜਾਂਦੇ ਹਾਂ ਅਤੇ ਕਾਹਲੀ ਨਾਲ਼ ਘਬਰਾ ਕੇ ਅੱਖ ਖੁੱਲ੍ਹਦਿਆਂ ਹੀ ਰੱਬ ਦਾ ਸ਼ੁਕਰ ਕਰਦੇ ਹਾਂ ਕਿ ਇਸ ਭੈੜੇ ਸੁਪਨੇ ਤੋਂ ਬੱਚ ਗਏ ਹਾਂ।
ਸੁਪਨੇ ਕਿੰਨੇ ਚੰਗੇ ਲਗਦੇ ਹਨ। ਤਕਰੀਬਨ ਸਭ ਨੇ ਸੁਪਨੇ ਵੇਖੇ ਹੋਣਗੇ। ਸੁਪਨਿਆਂ ਵਿਚ ਕਿੰਨੀ ਮਨਮਰਜ਼ੀ ਚੱਲਦੀ ਹੈ। ਜੋ ਮਰਜ਼ੀ ਅਹੁਦਾ ਹਾਸਲ ਕਰੋ, ਜੋ ਮਰਜ਼ੀ ਖਾਉ-ਪੀਉ, ਜਿੱਥੇ ਮਰਜ਼ੀ ਘੁੰਮੋ ਫਿਰੋ ਆਦਿ। ਕਈ ਚੀਜ਼ਾਂ ਸਿਰਫ਼ ਸੁਪਨਿਆਂ ਵਿਚ ਹੀ ਮਿਲਦੀਆਂ ਹਨ। ਹਕੀਕਤ ਵਿੱਚ ਸੁਪਨੇ ਵੇਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਸੰਘਰਸ਼ ਕਰਨਾ ਪੈਂਦਾ ਹੈ। ਦਿਨ-ਰਾਤ ਇੱਕ ਕਰਨੀ ਪੈਂਦੀ ਹੈ। ਕਈ ਊਚ-ਨੀਚ, ਦੁੱਖ-ਤਕਲੀਫਾਂ ਅਤੇ ਔਖੇ ਰਾਹਾਂ ਤੇ ਚੱਲਣਾ ਦਾ ਸਾਹਸ ਕਰਨਾ ਪੈਂਦਾ ਹੈ, ਫਿਰ ਕਿਤੇ ਜਾ ਕੇ ਹਕੀਕਤ ਵਿੱਚ ਸੁਪਨੇ ਪੂਰੇ ਹੁੰਦੇ ਹਨ।
ਸੁਪਨੇ ਵੇਖਣ ਦਾ ਸ਼ੌਕ ਸਾਰੇ ਰੱਖਦੇ ਹਨ, ਪਰ ਸ਼ੌਕ ਪੂਰਾ ਕਰਨ ਦੀ ਹਿੰਮਤ ਵਿਰਲੇ ਹੀ ਕਰਦੇ ਹਨ। ਜੋ ਹਿੰਮਤ ਕਰਕੇ ਸੁਪਨਿਆਂ ਤੱਕ ਪਹੁੰਚਦੇ ਹਨ, ਉਹ ਖੁਸ਼ਕਿਸਮਤ ਹੁੰਦੇ ਹਨ। ਮਿਹਨਤ ਦਾ ਮੁੱਲ ਮਿਲ ਜਾਵੇ ਤਾਂ ਇਨਸਾਨ ਬਹੁਤ ਖੁਸ਼ੀ ਮਹਿਸੂਸ ਕਰਦਾ ਹੈ।
ਸੁਪਨੇ ਸੋਹਣੇ ਹੁੰਦੇ ਹਨ, ਵੇਖਣੇ ਚਾਹੀਦੇ ਹਨ। ਡਾ: ਅਬਦੁਲ ਕਲਾਮ ਜੀ ਕਹਿੰਦੇ ਹਨ, “ਸੁਪਨੇ ਸੌ ਕੇ ਨਹੀਂ, ਜਾਗਦੀਆਂ ਅੱਖਾਂ ਨਾਲ ਵੇਖਣੇ ਚਾਹੀਦੇ ਹਨ।” ਇਹਨਾਂ ਨੂੰ ਪੂਰਾ ਕਰਨ ਲਈ ਜੀ ਜਾਨ ਲਾਉਣੀ ਚਾਹੀਦੀ ਹੈ। ਦੁਨੀਆਂ ‘ਤੇ ਦੇਖਿਆਂ ਹੈ ਕਿ ਕਈ ਇਨਸਾਨਾਂ ਨੇ ਕਿਸੇ ਚੀਜ਼ ਨੂੰ ਸੁਪਨੇ ਵਿੱਚ ਹੀ ਵੇਖਿਆਂ ਅਤੇ ਫਿਰ ਹੂ-ਬਾ-ਹੂ ਪੇਸ਼ ਕਰ ਦਿੱਤਾ। ਕਈ ਵਾਰ ਸੁਪਨੇ ਹੀ ਸਾਡੀ ਕਲਪਨਾ ਨੂੰ ਹਕੀਕਤ ਦਾ ਲਿਬਾਸ ਪਹਿਨਾਉਂਦੇ ਹਨ। ਇਹਨਾਂ ਸੁਪਨਿਆਂ ਵਿਚ ਜ਼ਿੰਦਗੀ ਦੀਆਂ ਡੂੰਘੀਆਂ ਰਮਜ਼ਾਂ ਛੁਪੀਆਂ ਹੋਈਆਂ ਹੁੰਦੀਆਂ ਹਨ।
ਅੱਜਕਲ੍ਹ ਦੇ ਜ਼ਮਾਨੇ ਵਿਚ ਅਸੀਂ ਵੱਡੇ ਨਿੱਕੇ ਤਕਰੀਬਨ ਸੁਪਨੇ ਪੂਰੇ ਕਰਨ ਦੀ ਚਾਹ ਰੱਖਦੇ ਹਾਂ, ਪਰ ਕਈ ਵਾਰ ਸੁਪਨੇ ਨਾ ਪੂਰੇ ਹੋਣ ‘ਤੇ ਜਲਦੀ ਹੀ ਨਿਰਾਸ਼ ਹੋ ਜਾਂਦੇ ਹਾਂ। ਇਹਨਾਂ ਨੂੰ ਵੇਖਣਾ ਜਿੰਨਾਂ ਸੌਖਾ ਹੈ ਪੂਰਾ ਕਰਨ ਲਈ ਉਸ ਤੋਂ ਵੀ ਕਈ ਜ਼ਿਆਦਾ ਹਿੱਸੇ ਮਿਹਨਤ ਕਰਨੀ ਪੈਂਦੀ ਹੈ। ਇਹ ਚਾਹੇ ਪੜ੍ਹਾਈ ਹੋਵੇ, ਭਗਤੀ ਹੋਵੇ ਜਾਂ ਫਿਰ ਕਿਸੇ ਮੰਜ਼ਲ ‘ਤੇ ਪਹੁੰਚਣ ਦੀ ਚਾਹ ਰੱਖਦੇ ਹੋਈਏ।
ਆਪਣੇ ਬੱਚਿਆਂ ਨੂੰ ਵਧੀਆਂ ਸੁਪਨੇ ਦੇਖਣ ਦੀ ਆਦਤ ਪਾਉ। ਫਿਰ ਉਹਨਾਂ ਨੂੰ ਹਿੰਮਤ ਅਤੇ ਮਿਹਨਤ ਕਰਨ ਦੇ ਆਦੀ ਬਣਾਉ। ਉਹਨਾਂ ਦੇ ਨਿੱਕੇ-ਨਿੱਕੇ ਸੁਪਨੇ ਆਪ ਪੂਰੇ ਕਰੋ ਅਤੇ ਵੱਡੇ-ਵੱਡੇ ਸੁਪਨੇ ਪੂਰੇ ਕਰਨ ਵਿਚ ਉਹਨਾਂ ਦੀ ਮਦਦ ਕਰੋ। ਉਹਨਾਂ ਦੀ ਕਾਬਲੀਅਤ ਨੂੰ ਪਹਿਚਾਣ ਕੇ ਉਸ ਉਪਰ ਮਿਹਨਤ ਕਰੋ। ਬਹੁਤ ਬੱਚੇ ਅਜਿਹੇ ਹਨ ਜਿਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਉਹਨਾਂ ਦੇ ਮਾਪਿਆਂ ਨੇ ਬਹੁਤ ਸਾਥ ਦਿੱਤਾ ਹੈ।
ਕਈ ਵਾਰ ਅਸੀਂ ਬੱਚਿਆਂ ਨੂੰ ਸਮਝ ਹੀ ਨਹੀਂ ਪਾਉਂਦੇ ਕਿ ਉਹ ਕੀ ਚਾਹੁੰਦੇ ਹਨ। ਉਹਨਾਂ ਨੂੰ ਸਮਝਣ ਲਈ ਅਤੇ ਸੁਪਨਿਆਂ ਦੀਆਂ ਨਿੱਕੀਆਂ-ਨਿੱਕੀਆਂ ਉਡਾਣਾਂ ਭਰਨ ਲਈ ਪਿਆਰ, ਆਪਣੇਪਨ, ਹਲੀਮੀ ਅਤੇ ਹਮਦਰਦੀ ਦੀ ਜ਼ਰੂਰਤ ਹੁੰਦੀ ਹੈ। ਉਹਨਾਂ ਨੂੰ ਵੀ ਵੱਡਿਆਂ ਦਾ ਸਮਾਂ ਚਾਹੀਦਾ ਹੈ। ਨਿੱਕੀਆਂ ਖੁਸ਼ੀਆਂ ਪਤਾ ਨਹੀਂ ਕਦੋਂ ਵੱਡੀਆਂ ਕਾਮਯਾਬੀਆਂ ਬਣ ਜਾਣ। ਮੈਂ ਆਪਣੇ ਭਤੀਜਿਆਂ ਨੂੰ ਸਮਰੱਥਾ ਅਨੁਸਾਰ ਉਹਨਾਂ ਦੇ ਜਨਮ ਦਿਨ ‘ਤੇ ਕਦੀ ਕਿਤਾਬਾਂ ਅਤੇ ਕਦੀ ਖੇਡਣ ਵਾਲੀਆਂ ਗੱਡੀਆਂ ਲੈ ਕੇ ਦੇਂਦੀ ਹਾਂ। ਜੇ ਮੈਂ ਪੁੱਛਾ ਕਿ ਕੀ ਲੈਣਾ ਹੈ ਤਾਂ ਆਪ ਵੀ ਗੱਡੀ ਦਾ ਸੁਨੇਹਾ ਹੀ ਦਿੰਦੇ ਹਨ। ਆਪਣੀਆਂ ਮੰਮੀਆਂ ਸਾਹਮਣੇ ਕਹਿ ਦਿੰਦੇ ਹਨ, ਜੋ ਤੁਹਾਡੀ ਮਰਜ਼ੀ, ਪਰ ਦਾਅ ਲੱਗਦਿਆਂ ਹੀ ਸੁਨੇਹਾ ਦੇ ਦਿੰਦੇ ਹਨ।
ਮੈਂਨੂੰ ਆਪ ਨੂੰ ਵੀ ਉਹਨਾਂ ਲਈ ਕੁਝ ਲੈ ਕੇ ਖੁਸ਼ ਹੁੰਦੀ ਹਾਂ। ਇਸ ਵਾਰ ਵੱਡਾ ਭਤੀਜਾ ਕਹਿੰਦਾ, “ਮੈਂ ਤਾਂ ਗੱਡੀਆਂ ਦਾ ਸੌ ਰੂਮ ਬਣਾਵਾਂਗਾ।” ਮੇਰੇ ਪਹੁੰਚਣ ਤੱਕ ਉਹਨਾਂ ਦੋਹਾਂ ਨੇ ਗੱਡੀਆਂ ਸਜ਼ਾ ਕੇ ਰੱਖੀਆਂ ਹੁੰਦੀਆਂ ਹਨ। ਛੋਟਾ ਕਹਿੰਦਾ ਇਸ ਵਾਰ ਪੜ੍ਹਨ ਲਈ ਘੁੰਮਣ ਵਾਲੀ ਕੁਰਸੀ ਚਾਹੀਦੀ ਹੈ। ਮੈਨੂੰ ਸੁਣ ਕੇ ਵਧੀਆ ਲੱਗਾ ਕਿ ਸੁਪਨੇ ਵੇਖਣ ਦੀ ਜਾਂਚ ਆ ਗਈ ਹੈ, ਤਾਂ ਪੂਰੇ ਕਰਨ ਦੀ ਹਿੰਮਤ ਅਤੇ ਸਮਰੱਥਾ ਵੀ ਜੁਟਾ ਲੈਣਗੇ। ਅਸੀਂ ਉਹਨਾਂ ਦਾ ਮਿਲ ਕੇ ਸਾਥ ਦੇਵਾਂਗੇ। ਮੇਰਾ ਇਥੇ ਇਹ ਦੱਸਣ ਦਾ ਮਕਸਦ ਇਹ ਹੈ ਕਿ ਬੱਚਿਆਂ ਦੇ ਸੁਪਨਿਆਂ ਤੱਕ ਪਹੁੰਚਣ ਵਿਚ ਅਸੀਂ ਜਿੰਨੀ ਵੀ ਮਦਦ ਕਰ ਸਕਦੇ ਹਾਂ ਜਰੂਰ ਕਰੀਏ। ਉਹ ਫਜ਼ੂਲ ਖਰਚੀ ਨਹੀਂ ਕਰਦੇ। ਦੋਵੇਂ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਬੱਚਿਆਂ ਵਿੱਚ ਆਪਸੀ ਪਿਆਰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ।
ਆਉ! ਇਹਨਾਂ ਦੇ ਨਿੱਕੇ-ਨਿੱਕੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੀਏ। ਆਪ ਵੀ ਕੁਝ ਵੱਖਰਾ ਅਤੇ ਨਵਾਂ ਕਰਨ ਦੀ ਹਮੇਸ਼ਾ ਸੋਚੀਏ। ਦੁਨੀਆਂ ‘ਤੇ ਬਹੁਤ ਕੰਮ ਕਰਨ ਵਾਲੇ ਹਨ। ਕਿਸੇ ਇੱਕ ਕੰਮ ਨੂੰ ਆਪਣਾ ਉਦੇਸ਼ ਬਣਾ ਕੇ ਨਵਾਂ ਸੁਪਨਾ ਦੇਖੀਏ ਅਤੇ ਆਪਣੇ ਵੱਖਰੇ ਅੰਦਾਜ਼ ਵਿਚ ਕੰਮ ਨੂੰ ਸਿਰੇ ਚਾੜ੍ਹੀਏ। ਖੁਸ਼ ਰਹੋ ਪਿਆਰਿਉ! ਸਦਾ ਹੱਸਦੇ ਵੱਸਦੇ ਰਹੋ ਦੋਸਤੋ!!!
ਪਰਵੀਨ ਕੌਰ ਸਿੱਧੂ
8146536200
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly