ਏਹੁ ਹਮਾਰਾ ਜੀਵਣਾ ਹੈ -154

(ਸਮਾਜ ਵੀਕਲੀ)

ਸਕੂਲਾਂ ਨੂੰ ਆਰਡਰ ਕੀਤਾ ਗਿਆ ਸੀ ਕਿ ਨੇਤਾ ਜੀ ਜਦੋਂ ਪੰਦਰਾਂ ਅਗਸਤ ਨੂੰ ਝੰਡਾ ਲਹਿਰਾਉਣ ਲਈ ਸ਼ਹਿਰ ਦੇ ਵੱਡੇ ਸਟੇਡੀਅਮ ਵਿਖੇ ਆਉਣਗੇ ਤਾਂ ਸਾਰੇ ਬੱਚਿਆਂ ਨੂੰ ਉਸ ਸਟੇਡੀਅਮ ਵਿੱਚ ਸਾਫ਼ ਸੁਥਰੀਆਂ ਵਰਦੀਆਂ ਪਾ ਕੇ ਹੱਥ ਵਿੱਚ ਤਿਰੰਗਾ ਝੰਡਾ ਫੜ ਕੇ ਲਿਆਂਦੇ ਜਾਣ। ਸਕੂਲਾਂ ਵਾਲਿਆਂ ਨੇ ਹੁਕਮਾਂ ਦੀ ਪਾਲਣਾ ਕਰਦਿਆਂ ਬੱਚਿਆਂ ਨੂੰ ਕਈ ਦਿਨ ਪਹਿਲਾਂ ਆਦੇਸ਼ ਦੇਣੇ ਸ਼ੁਰੂ ਕਰ ਦਿੱਤੇ ਸਨ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਖ਼ਤ ਹਦਾਇਤ ਸੀ ਕਿ ਜੇ ਵਧੀਆ ਵਰਦੀ ਪਾ ਕੇ ਨਹੀਂ ਆਉਣਗੇ ਤਾਂ ਉਹਨਾਂ ਨੂੰ ਦੋ ਸੌ ਰੁਪਏ ਜੁਰਮਾਨਾ ਲੱਗੇਗਾ। ਉਹਨਾਂ ਨੂੰ ਪਤਾ ਸੀ ਕਿ ਜੇ ਸਖ਼ਤੀ ਨਾ ਵਰਤੀ ਗਈ ਤਾਂ ਇਸ ਤਰ੍ਹਾਂ ਤਾਂ ਅੱਧੇ ਤੋਂ ਵੱਧ ਬੱਚਿਆਂ ਨੇ ਨਹੀਂ ਆਉਣਾ।

ਹਨੀ ਦੀ ਵਰਦੀ ਫਟੀ ਹੋਈ ਸੀ। ਕਮੀਜ਼ ਦਾ ਰੰਗ ਵੀ ਪੀਲ਼ਾ ਪੈ ਰਿਹਾ ਸੀ।ਕਈ ਜਗ੍ਹਾ ਤੋਂ ਫਟੀ ਹੋਈ ਕਮੀਜ਼ ਤੇ ਮਾਂ ਨੇ ਸੂਈ ਨਾਲ ਹੀ ਸਿਊਣਾਂ ਭਰੀਆਂ ਹੋਈਆਂ ਸਨ।ਉਸ ਨੂੰ ਅਧਿਆਪਕ ਵੱਲੋਂ ਖ਼ਾਸ ਕਰਕੇ ਉਸ ਦਾ ਨਾਂ ਲੈ ਕੇ ਹਦਾਇਤ ਕੀਤੀ ਗਈ ਸੀ। ਹਨੀ ਨੇ ਆਪਣੀ ਮਾਂ ਨੂੰ ਦੱਸਿਆ ਤਾਂ ਮਾਂ ਵਿਚਾਰੀ ਆਪਣੀ ਗੁਆਂਢਣ ਤੋਂ ਪੰਜ ਸੌ ਰੁਪਏ ਉਧਾਰੇ ਫੜ ਕੇ ਲਿਆਈ। ਹਨੀ ਲਈ ਨਵੀਂ ਵਰਦੀ ਦੀ ਕਮੀਜ਼ ਮਹਿਜ਼ ਕਮੀਜ਼ ਨਹੀਂ ਸਗੋਂ ਬੇਸ਼ੁਮਾਰ ਕੀਮਤੀ ਤੋਹਫ਼ਾ ਸੀ।

ਉਸ ਦਿਨ ਉਸ ਦੀ ਵਰਦੀ ਚਮਕ ਰਹੀ ਸੀ। ਉਹ ਸਾਰਿਆਂ ਤੋਂ ਮੂਹਰੇ ਹੋ ਕੇ ਬੈਠ ਰਿਹਾ ਸੀ ਕਿਉਂਕਿ ਉਹੀ ਨੇਤਾ ਜੀ ਆ ਰਹੇ ਸਨ‌ ਜਿਨ੍ਹਾਂ ਦੀ ਚਰਚਾ ਉਹਨਾਂ ਦੇ ਘਰ ਵਿੱਚ ਵੋਟ ਪਾਉਣ ਲਈ ਦਿਨ ਰਾਤ ਹੁੰਦੀ ਸੀ।ਉਹ ਜਦੋਂ ਜਿੱਤਿਆ ਸੀ ਤਾਂ ਖ਼ਬਰਾਂ ਸੁਣਦੇ ਉਸ ਦੇ ਮੰਮੀ ਡੈਡੀ ਖੁਸ਼ੀ ਨਾਲ਼ ਨੱਚ ਉੱਠੇ ਸਨ । ਉਸ ਦੇ ਪਿਤਾ ਜੀ ਉਸ ਦੀ ਪਾਰਟੀ ਦੇ ਮੁਹੱਲੇ ਦੇ ਬੰਦਿਆਂ ਨਾਲ ਰਾਤ ਤੱਕ ਲੱਡੂ ਵੰਡਦੇ ਅਤੇ ਢੋਲ ਤੇ ਨੱਚਦੇ ਟੱਪਦੇ ਰਹੇ ਸਨ।ਇਸ ਕਰਕੇ ਉਹ ਨੇਤਾ ਜੀ ਉਸ ਲਈ ਬਹੁਤ ਖਾਸ ਸਨ।ਉਹ ਉਹਨਾਂ ਨੂੰ ਮਿਲ ਕੇ ਆਪਣੇ ਘਰਦਿਆਂ ਦੀ ਖੁਸ਼ੀ ਨੂੰ ਹੋਰ ਵਧਾਉਣਾ ਚਾਹੁੰਦਾ ਸੀ। ਨਾਲ਼ੇ ਹਜੇ ਉਸ ਦੇ ਮਨ ਵਿੱਚ ਮੰਤਰੀ ਜੀ ਦਾ ਤਾਜ਼ਾ ਤਾਜ਼ਾ ਚਾਅ ਸੀ ਕਿਉਂਕਿ ਵੋਟਾਂ ਵੀ ਤਾਂ ਦੋ ਮਹੀਨੇ ਪਹਿਲਾਂ ਹੀ ਪਈਆਂ ਸਨ।

ਹਨੀ ਆਪਣੀ ਨੌਂਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨਾਲ ਮੂਹਰਲੀ ਕਤਾਰ ਵਿੱਚ ਈ ਬੈਠਾ ਸੀ। ਪੜ੍ਹਾਈ ਵਿੱਚ ਵੀ ਉਹ ਬਹੁਤ ਹੁਸ਼ਿਆਰ ਸੀ। ਉਸ ਦੇ ਅੱਠਵੀਂ ਦੀ ਬੋਰਡ ਦੀ ਜਮਾਤ ਵਿੱਚ ਸਭ ਤੋਂ ਵੱਧ ਅੰਕ ਆਏ ਸਨ ਜਿਸ ਕਰਕੇ ਉਸ ਨੂੰ ਸਕੂਲ ਵੱਲੋਂ ਵਜ਼ੀਫਾ ਮਿਲਦਾ ਸੀ। ਇਸੇ ਕਰਕੇ ਹੀ ਅੱਜ ਉਸ ਨੂੰ ਇਹਨਾਂ ਕੋਲੋਂ ਇਨਾਮ ਮਿਲਣਾ ਸੀ। ਨੇਤਾ ਜੀ ਨੇ ਸਵੇਰੇ ਨੌਂ ਵਜੇ ਆਉਣਾ ਸੀ । ਸਕੂਲ ਵਾਲਿਆਂ ਨੇ ਬੱਚਿਆਂ ਨੂੰ ਸਵੇਰੇ ਸੱਤ ਵਜੇ ਹੀ ਬੁਲਾ ਲਿਆ ਸੀ ਤੇ ਸਾਢੇ ਸੱਤ ਵਜੇ ਤੱਕ ਉੱਥੇ ਬੱਚਿਆਂ ਨੂੰ ਲੈ ਕੇ ਪਹੁੰਚ ਗਏ ਸਨ। ਬੱਚੇ ਗਰਮੀ ਨਾਲ ਮੁੜ੍ਹਕੋ ਮੁੜ੍ਹਕੀ ਹੋ ਰਹੇ ਸਨ। ਮਸਾਂ ਸ਼ੁਕਰ ਕਰਕੇ ਨੌਂ ਵੱਜੇ ਸਨ ਕਿਉਂਕਿ ਉਡੀਕ ਦੀਆਂ ਘੜੀਆਂ ਖ਼ਤਮ ਹੋ ਰਹੀਆਂ ਸਨ।

ਪਰ ਨੇਤਾ ਜੀ ਹਜੇ ਵੀ ਨਾ ਆਏ। ਸਾਢੇ ਨੌਂ ਵਜੇ ਸਾਰਿਆਂ ਅੰਦਰ ਉਡੀਕ ਦੀ ਤਾਂਘ ਦੇ ਨਾਲ ਕਾਹਲ਼ ਜਿਹੀ ਵੀ ਪੈਦਾ ਹੋਣ ਲੱਗੀ ਸੀ ਕਿਉਂਕਿ ਅਧਿਆਪਕਾਂ ਅਤੇ ਹੋਰ ਅਧਿਕਾਰੀਆਂ ਲਈ ਐਨੇ ਬੱਚਿਆਂ ਨੂੰ ਐਨੀ ਗਰਮੀ ਵਿੱਚ ਬਿਠਾਈ ਰੱਖਣਾ ਔਖਾ ਹੋ ਰਿਹਾ ਸੀ। ਆਖ਼ਰ ਨੇਤਾ ਜੀ ਸਵਾ ਦਸ ਵਜੇ ਪਹੁੰਚੇ ਤਾਂ ਉਨ੍ਹਾਂ ਦੇ ਚਾਹ ਪਾਣੀ ਪੀਣ ਦੇ ਸਮੇਂ ਵਿੱਚ ਬੱਚਿਆਂ ਨੂੰ ਉਹਨਾਂ ਦੀਆਂ ਅੱਡ ਅੱਡ ਗਤੀਵਿਧੀਆਂ ਲਈ ਬਿਲਕੁਲ ਤਿਆਰ ਬਰ ਤਿਆਰ ਖੜ੍ਹੇ ਕਰ ਦਿੱਤਾ ਗਿਆ। ਹਨੀ ਅੰਦਰ ਉਤਸੁਕਤਾ ਬਹੁਤ ਵਧ ਰਹੀ ਸੀ।ਉਹ ਸੋਚਦਾ ਕਿ ਜਦੋਂ ਉਹ ਨੇਤਾ ਜੀ ਤੋਂ ਇਨਾਮ ਲੈਣ ਜਾਵੇਗਾ ਤਾਂ ਉਹ ਦੱਸੇਗਾ ਕਿ ਉਹ ਉਸ ਦੇ ਪਿਤਾ ਜੀ ਨੂੰ ਜਾਣਦੇ ਹਨ ਤੇ ਉਹ ਖੁਸ਼ ਹੋ ਆਪਣੇ ਪਣ ਦਾ ਅਹਿਸਾਸ ਕਰਵਾ ਕੇ ਉਸ ਨੂੰ ਸਭ ਤੋਂ ਵੱਧ ਪਿਆਰ ਕਰਨਗੇ। ਉਸ ਦਾ ਸਾਰਿਆਂ ਵਿੱਚ ਕਿੰਨਾ ਮਾਣ ਵਧੇਗਾ।ਉਹ ਇਹ ਸਭ ਸੋਚ ਸੋਚ ਕੇ ਮਨ ਹੀ ਮਨ ਵੱਡਾ ਵੱਡਾ ਮਹਿਸੂਸ ਕਰ ਰਿਹਾ ਸੀ।

ਸਟੇਡੀਅਮ ਵਿੱਚ ਸਟੇਜ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਚੰਗਿਆੜਿਆਂ ਵਰਗੀ ਤਿੱਖੀ ਧੁੱਪ ਸੀ । ਨੇਤਾ ਜੀ ਪੌਣੇ ਗਿਆਰਾਂ ਵਜੇ ਅੱਗ ਲੱਗੀ ਵਾਂਗ ਤੇਜ਼ ਤੇਜ਼ ਆਏ ਤੇ ਸਵਾਗਤ ਤੋਂ ਬਾਅਦ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਇੱਕ ਮਿੰਟ ਦਾ ਭਾਸ਼ਣ ਦੇ ਕੇ ਗਿਆਰਾਂ ਵਜਦੇ ਨੂੰ ਚਲੇ ਵੀ ਗਏ। ਇਨਾਮ ਵੰਡਣ ਦੀ ਰਸਮ ਅਦਾ ਕਰਨ ਲਈ ਕਿਸੇ ਹੋਰ ਉੱਚ ਅਧਿਕਾਰੀ ਦੀ ਡਿਊਟੀ ਲਗਾ ਗਏ। ਹਨੀ ਦੇ ਮੰਤਰੀ ਜੀ ਨੂੰ ਮਿਲਕੇ ਆਪਣੀ ਅਲੱਗ ਪਹਿਚਾਣ ਬਣਾਉਣ ਦੇ ਕਿੰਨੇ ਸਾਰੇ ਸੁਪਨੇ ਵੀ ਮੰਤਰੀ ਜੀ ਦੀਆਂ ਗੱਡੀਆਂ ਦੇ ਹੌਰਨਾਂ ਵਾਂਗ ਮੱਧਮ ਹੁੰਦੇ ਹੁੰਦੇ ਅਲੋਪ ਹੋ ਗਏ। ਉਹ ਮਨ ਹੀ ਮਨ ਵਿੱਚ ਸੋਚਦਾ ਹੈ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰ ਤੇ ਲੇਬਲ
Next articleਭਾਗਾਂ ਵਾਲਾ