ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੈੱਸਐੱਸ) ਦੇ ਵਿਚਾਰਕ, ਚਿੰਤਕ ਤੇ ਲੇਖਕ ਪੀ. ਪਰਮੇਸ਼ਵਰਨ (93) ਦਾ ਅੱਜ ਕੇਰਲਾ ਵਿਚ ਦੇਹਾਂਤ ਹੋ ਗਿਆ। ਸੰਘ ਪਰਿਵਾਰ ਦੇ ਸੂਤਰਾਂ ਨੇ ਦੱਸਿਆ ਕਿ ਦੇਹਾਂਤ ਵੇਲੇ ਉਹ ਕੇਰਲ ਦੇ ਓਟਾਪੱਲਮ ’ਚ ਸਨ। ‘ਭਾਰਤੀਯ ਵਿਚਾਰ ਕੇਂਦਰਮ’ ਦੇ ਸੰਸਥਾਪਕ ਤੇ ਡਾਇਰੈਕਟਰ ਨੇ ਸੰਸਥਾ ਦੀ ਸਥਾਪਨਾ ਕੇਰਲ ਵਾਸੀਆਂ ’ਚ ‘ਰਾਸ਼ਟਰਵਾਦੀ ਵਿਚਾਰਧਾਰਾ’ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਸੀ। ਕੇਰਲ ’ਚ ਉਨ੍ਹਾਂ ਦਾ ਆਯੂਰਵੈਦਿਕ ਇਲਾਜ ਚੱਲ ਰਿਹਾ ਸੀ। ਉਹ ਭਾਰਤੀ ਜਨ ਸੰਘ ਦੇ ਵੀ ਆਗੂ ਰਹੇ। ਪਰਮੇਸ਼ਵਰਨ ਨੇ ਸੰਘ ’ਚ ਹੋਣ ਦੌਰਾਨ ਦੀਨ ਦਿਆਲ ਉਪਾਧਿਆਏ, ਅਟਲ ਬਿਹਾਰੀ ਵਾਜਪਾਈ ਤੇ ਐਲ.ਕੇ. ਅਡਵਾਨੀ ਨਾਲ ਕੰਮ ਕੀਤਾ। ਭਾਰਤ ਸਰਕਾਰ ਨੇ 2004 ਵਿਚ ਉਨ੍ਹਾਂ ਨੂੰ ਪਦਮਸ੍ਰੀ ਤੇ 2018 ਵਿਚ ਪਦਮ ਵਿਭੂਸ਼ਨ ਨਾਲ ਨਿਵਾਜਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ, ਮੁੱਖ ਮੰਤਰੀ ਪਿਨਾਰਈ ਵਿਜਯਨ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਨੀਅਰ ਆਰਐੱਸਐੱਸ ਪ੍ਰਚਾਰਕ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਮੋਦੀ ਨੇ ਉਨ੍ਹਾਂ ਨੂੰ ‘ਭਾਰਤ ਮਾਤਾ ਦਾ ਸਮਰਪਿਤ ਸਪੂਤ ਕਰਾਰ ਦਿੱਤਾ।’ ਉਨ੍ਹਾਂ ਕਿਹਾ ਕਿ ਪਰਮੇਸ਼ਵਰਨ ਨੇ ਭਾਰਤੀ ਸਭਿਆਚਾਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੰਮ ਕੀਤਾ। ਸ਼ਾਹ ਨੇ ਕਿਹਾ ਕਿ ਆਰਐੱਸਐੱਸ ਵਿਚਾਰਕ ਮਹਾਨ ਸਮਾਜ ਸੁਧਾਰਕ ਤੇ ਸੱਚੇ ਰਾਸ਼ਟਰਵਾਦੀ ਸਨ। ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਵੀ ਪਰਮੇਸ਼ਵਰਨ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕੀਤਾ।