ਐਸ.ਏ.ਐਸ. ਨਗਰ (ਮੁਹਾਲੀ)- ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਪ੍ਰਚਾਰ ਤੋਂ ਬਾਅਦ ਪੈਦਾ ਹੋਇਆ ਧਾਰਮਿਕ ਵਿਵਾਦ ਲਗਾਤਾਰ ਭਖਦਾ ਜਾ ਰਿਹਾ ਹੈ। ਅੱਜ ਇੱਥੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਆਖਿਆ ਕਿ ਜੇਕਰ ਹੁਣ ਤੀਜੀ ਵਾਰ ਵੀ ਢੱਡਰੀਆਂਵਾਲਾ ਅਕਾਲ ਤਖ਼ਤ ’ਤੇ ਪੇਸ਼ ਨਹੀਂ ਹੁੰਦੇ ਤਾਂ ਉਨ੍ਹਾਂ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ। ਉਂਜ ਜਥੇਦਾਰ ਨੇ ਇਹ ਵੀ ਕਿਹਾ ਕਿ ਜੇਕਰ ਢੱਡਰੀਆਂ ਵਾਲਾ ਗੱਲਬਾਤ ਲਈ ਰਾਜ਼ੀ ਹੋਵੇ ਤਾਂ ਇਸ ਬੇਲੋੜੇ ਵਿਵਾਦ ਦਾ ਢੁੱਕਵਾਂ ਹੱਲ ਹੋ ਸਕਦਾ ਹੈ। ਗਿਆਨੀ ਹਰਪ੍ਰੀਤ ਸਿੰਘ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਗੁਰੂ ਹਰਿਰਾਇ ਦੇ ਪ੍ਰਕਾਸ਼ ਪੁਰਬ ਸਬੰਧੀ ਤਿੰਨ ਰੋਜ਼ਾ ਜੋੜ ਮੇਲ ਦੇ ਆਖਰੀ ਦਿਨ ਗੁਰਮਤਿ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸੀ। ਜਥੇਦਾਰ ਨੇ ਕਿਹਾ ਕਿ ਢੱਡਰੀਆਂਵਾਲੇ ਦੇ ਸੂਰਜ ਪ੍ਰਕਾਸ਼ ਗ੍ਰੰਥ ’ਤੇ ਸਵਾਲ ਬਿਲਕੁਲ ਬੇਬੁਨਿਆਦ ਹਨ। ਇਸ ਸਬੰਧੀ ਉਨ੍ਹਾਂ (ਢੱਡਰੀਆਂਵਾਲਾ) ਦੇ ਪ੍ਰਚਾਰ ਤੋਂ ਪੈਦਾ ਹੋਏ ਵਿਵਾਦ ਨੂੰ ਠੱਲ੍ਹਣ ਲਈ ਦੋ ਵਾਰ ਆਪਣਾ ਪੱਖ ਰੱਖਣ ਲਈ ਸੱਦਿਆ ਜਾ ਗਿਆ ਹੈ ਪਰ ਉਹ ਨਹੀਂ ਆਏ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕੋਈ ਵੀ ਮਸਲਾ ਨਹੀਂ ਹੈ, ਜੋ ਗੱਲਬਾਤ ਰਾਹੀਂ ਹੱਲ ਨਾ ਹੋ ਸਕਦਾ ਹੋਵੇ। ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਜੇਕਰ ਹੁਣ ਤੀਜੀ ਵਾਰ ਵੀ ਬੁਲਾਏ ਜਾਣ ’ਤੇ ਢੱਡਰੀਆਂਵਾਲਾ ਅਕਾਲ ਤਖ਼ਤ ’ਤੇ ਪੇਸ਼ ਨਹੀਂ ਹੁੰਦੇ ਹਨ ਤਾਂ ਇਸ ਸਬੰਧੀ ਪੰਥਕ ਧਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਧਰ, ਇਸ ਵਿਵਾਦ ਦੇ ਨਿਬੇੜੇ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਵੀ ਸੰਤ ਰਣਜੀਤ ਸਿੰਘ ਢੱਡਰੀਆਂਵਾਲਾ ਨੂੰ ਕਿਹਾ ਕਿ ਉਹ ਖ਼ੁਦ ਤਰੀਕ, ਸਮਾਂ ਅਤੇ ਥਾਂ ਨਿਸ਼ਚਿਤ ਕਰਦੇ ਹਨ ਤਾਂ ਜੋ ਗੱਲਬਾਤ ਰਾਹੀਂ ਵਿਵਾਦ ਸੁਲਝਾਇਆ ਜਾ ਸਕੇ ਪਰ ਢੱਡਰੀਆਂ ਵਾਲਾ ਕੋਈ ਵੀ ਗੱਲ ਮੰਨਣ ਜਾਂ ਸੁਣਨ ਨੂੰ ਤਿਆਰ ਨਹੀਂ ਹਨ।
HOME ਜਥੇਦਾਰ ਵੱਲੋਂ ਢੱਡਰੀਆਂਵਾਲੇ ਨੂੰ ਕਾਰਵਾਈ ਦੀ ਚਿਤਾਵਨੀ