ਦਿੱਲੀ ਵਿਧਾਨ ਸਭਾ ਦੇ 70 ਹਲਕਿਆਂ ਲਈ ਅੱਜ ਵੋਟਾਂ ਪੈਣਗੀਆਂ ਤੇ ਚੋਣ ਕਮਿਸ਼ਨ ਨੇ ਵੋਟ ਪ੍ਰਕਿਰਿਆ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਇਨ੍ਹਾਂ ਚੋਣਾਂ ’ਚ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਸਮੇਤ ਹੋਰ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ ਮਿਲਾ ਕੇ ਚੋਣ ਮੈਦਾਨ ’ਚ 672 ਉਮੀਦਵਾਰ ਹਨ ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਦਿੱਲੀ ਦੇ 1,47,86,382 ਵੋਟਰ ਕਰਨਗੇ। ਇਸ ਵਾਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦਰਮਿਆਨ ਹੈ। ਕਰੀਬ 25 ਸੀਟਾਂ ’ਤੇ ਬਹੁਤ ਹੀ ਫਸਵੀਂ ਟੱਕਰ ਮੰਨੀ ਜਾ ਰਹੀ ਹੈ।
ਦਿੱਲੀ ਦੇ ਚੋਣ ਅਧਿਕਾਰੀਆਂ ਵੱਲੋਂ ਸਾਰੇ 70 ਵਿਧਾਨ ਸਭਾ ਹਲਕਿਆਂ ਦੀਆਂ 2,689 ਥਾਵਾਂ ’ਤੇ 13,750 ਪੋਲਿੰਗ ਬੂਥਾਂ ਲਈ ਚੋਣ ਅਮਲੇ ਨੂੰ ਮਸ਼ੀਨਾਂ ਸਮੇਤ ਰਵਾਨਾ ਕੀਤਾ ਗਿਆ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਮੁਤਾਬਕ ਵੋਟ ਪ੍ਰਕਿਰਿਆ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਦਿੱਲੀ ਪੁਲੀਸ ਦੇ ਨਾਲ-ਨਾਲ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 3704 ਬੂਥ ਸੰਵੇਦਨਸ਼ੀਲ ਐਲਾਨੇ ਗਏ ਹਨ ਜਿੱਥੇ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਹਰ ਤਰ੍ਹਾਂ ਦੀ ਸਰਗਰਮੀ ’ਤੇ ‘ਵੈੱਬ ਕਾਸਟਿੰਗ’ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲੇ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਡੀਟੀਸੀ ਦੀਆਂ ਬੱਸਾਂ ’ਚ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਤਕਨੀਕ ਦਾ ਵੱਧ ਸਹਾਰਾ ਲਿਆ ਹੈ ਤੇ ਮੋਬਾਈਲ ਐੱਪ ਤੇ ਕਿਊਆਰ ਕੋਡ ਸਮੇਤ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵੱਧ ਮਤਦਾਨ ਕਰਨ ਲਈ ਪ੍ਰੇਰਿਆ ਗਿਆ ਹੈ। ਰਣਬੀਰ ਸਿੰਘ ਨੇ ਦੱਸਿਆ ਕਿ ਦਿੱਲੀ ’ਚ 1,47,86,382 ਵੋਟਰ ਹਨ ਤੇ 2,32,815 ਵੋਟਰਾਂ ਦੀ ਉਮਰ 18-19 ਸਾਲ ਹੈ। ਅਧਿਕਾਰੀਆਂ ਮੁਤਾਬਕ ਵੋਟਰਾਂ ਵਿੱਚ 81,05,236 ਪੁਰਸ਼, 66,80,277 ਮਹਿਲਾ, 11,608 ਨੌਕਰੀਪੇਸ਼ਾ ਤੇ 869 ਕਿੰਨਰ ਵੋਟਰ ਹਨ। 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 20,4830 ਹੈ। ਜ਼ਿਕਰਯੋਗ ਹੈ ਕਿ ਇਸ ਵਾਰ ਦਿੱਲੀ ਵਿਧਾਨ ਸਭਾ ’ਚ ਮਹਿਲਾ ਉਮੀਦਵਾਰਾਂ ਦੀ ਗਿਣਤੀ 79 ਹੈ ਅਤੇ ਇਹ ਪਹਿਲੀ ਵਾਰ ਹੈ ਕਿ ਮਹਿਲਾ ਉਮੀਦਵਾਰਾਂ ਦੀ ਪ੍ਰਤੀਸ਼ਤਤਾ ਦੂਹਰੇ ਅੰਕੜੇ (11 ਫੀਸਦ) ਤੱਕ ਪਹੁੰਚੀ ਹੋਵੇ।
HOME ਦਿੱਲੀ ਵਿਧਾਨ ਸਭਾ ਲਈ ਵੋਟਾਂ ਅੱਜ