ਆਓ ਭਗਤੋ ਪ੍ਰਭਾਤ ਫੇਰੀਆਂ ਲਾਈਏ
ਭੁਜੀਏ ਨਾਲ ਬਦਾਨਾ ਖਾਈਏ,
ਉੱਚੀ ਲਾਉਡ ਸਪੀਕਰ ਲਾ ਕੇ
ਤੜਕੇ ਉੱਠਕੇ ਖੌਰੂ ਪਾਈਏ ।
ਪੱਥਰੀ ਤਰ ਗਈ, ਜੰਜੂ ਕੱਢਤੇ
ਲੋਕਾਂ ਨੂੰ ਹਰ ਰੋਜ਼ ਸੁਣਾਈਏ,
ਪਾਣੀ ਦੇ ਵਿੱਚ ਲਾ ਕੇ ਡੁੱਬਕੀ
ਦਮੜੀ ਗੰਗਾ ਹੱਥ ਫੜਾਈਏ ।
ਬਾਬੇ ਤੋਂ ਅੱਡੀ ਵਜਵਾ ਕੇ
ਖੁਰਾਲਗੜ੍ਹ ਗੰਗਾ ਕਢਵਾਈਏ,
ਵਿਹਲੇ ਹੋ ਕੇ ‘ਫੇਰੀਆਂ’ ਤੋਂ ਫਿਰ
ਪੀਰ ਨਿਗਾਹੇ, ਮਾਤਾ ਦੇ ਜਾਈਏ ।
ਸ਼ੇਰਾਂ ਵਾਲੀ, ਕਾਲੀ ਮਾਤਾ
ਨੱਕ ਨਾਲ ਲੀਕਾਂ ਕੱਢਦੇ ਜਾਈਏ,
ਪੀਰਾਂ ਦੇ ਜੋ ਸੁੱਖਣਾ ਸੁੱਖੀ
ਕਰਜ਼ਾ ਲੈ ਕੇ ਉਹ ਵੀ ਲਾਹੀਏ ।
ਦੋ ਤਿੰਨ ਸੌ ਦੀ ਛੱਡ ਦਿਹਾੜੀ
ਬਿਆਸ ਨੂੰ ਸੇਵਾ ਤੇ ਵੀ ਜਾਈਏ,
ਸਾਰੀ ਉਮਰ ਸ਼ਰਾਬਾਂ ਪੀ ਕੇ
ਨਾਮ ਦਾਨ ਦੇ ਕਿੱਸੇ ਗਾਈਏ ।
ਮਾਤ੍ਹੜ ਦੇ ਨਾਲ ਕਰਕੇ ਠੱਗੀਆਂ
ਗੁਰੂਦੁਆਰੇ ਭੁੱਲ ਬਖਸ਼ਾਈਏ,
ਭੋਲ਼ੇ ਵਾਲੀ ਪੀ ਕੇ ਬੂਟੀ
ਸਾਰੀ ਰਾਤ ਧਮਾਲਾਂ ਪਾਈਏ ।
ਸਿਰ ਦੇ ਉੱਤੇ ਬੰਨ੍ਹ ਕੇ ਚੁੰਨੀਆਂ
ਸਾਈਕਲ ਤੇ ਮਾਤਾ ਦੇ ਜਾਈਏ,
ਸੋਚ ਸਤਿਗੁਰ ਦੀ ਦਫ਼ਨਾ ਕੇ
ਹੱਥੀਂ ਆਪਣੇ ਲਾਂਬੂ ਲਾਈਏ ।
ਦਰ ਦਰ ਦੀ ਖੇਹ ਖਾਹ ਕੇ ‘ਮੱਮਣ’
ਚੱਲ ਹੁਣ ਬੇਗਮਪੁਰਾ ਵਸਾਈਏ,
‘ਗੰਗੜ’ ਦਾ ਕੀ ਭੌਂਕੀ ਜਾਵੇ
ਆਪਾਂ ਕਾਹਤੋਂ ਸੰਤ ਰੁਸਾਈਏ ।
ਥੱਕ ਗਏ ਘਰੀਂ ਬੇਗਾਨੇ ਘੁੰਮਦੇ
ਆਓ ਆਪਣੇ ਘਰ ਹੁਣ ਜਾਈਏ,
ਪਾਖੰਡ ਨੂੰ ਛੱਡਕੇ ਕਦਮ ਆਪਣੇ
ਰਾਜ ਭਾਗ ਦੇ ਵੱਲ ਵਧਾਈਏ ।
ਆਓ ਭਗਤੋ ਪ੍ਰਭਾਤ ਫੇਰੀਆਂ ਲਾਈਏ
ਭੁਜੀਏ ਨਾਲ ਬਦਾਨਾ ਖਾਈਏ ॥
ਰਾਜਬੀਰ ਗੰਗੜ, ਬਲਾਲੋਂ USA
ਜਸਵੀਰ ਮੱਮਣ California, USA