ਪੰਜਾਬ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇੱਥੇ ਅਮਰ ਆਸ਼ਰਮ ’ਚ ਹਰਿੰਦਰ ਕੋਹਲੀ ਦੀ ਅਗਵਾਈ ਹੇਠ ਭਾਜਪਾ ਦੀ ਜ਼ਿਲ੍ਹਾ ਪੱਧਰੀ ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ ਵਿਚ ਭਾਜਪਾ ਮਜ਼ਬੂਤ ਹੋ ਰਹੀ ਹੈ ਅਤੇ ਸਿਆਸੀ ਹਾਲਾਤ ਵੀ ਅਜਿਹੇ ਸਿਰਜੇ ਜਾਣ ਲੱਗੇ ਹਨ ਕਿ ਪੰਜਾਬ ਦੇ ਲੋਕ ਵੀ ਭਾਜਪਾ ਵੱਲ ਤੱਕਣ ਲੱਗੇ ਹਨ।
ਸ੍ਰੀ ਸ਼ਰਮਾ ਨੇ ਵਰਕਰਾਂ ਨੂੰ ਪਾਰਟੀ ਲਈ ਦਿਨ-ਰਾਤ ਇਕ ਕਰਨ ਦਾ ਸੱਦਾ ਦਿੰਦਿਆਂ ਆਖਿਆ ਕਿ 2022 ਦੇ ਪਿੜ ਲਈ ਭਾਜਪਾ ਨੂੰ ਵੱਡੀ ਤਿਆਰੀ ਦੀ ਲੋੜ ਹੈ। ਉਨ੍ਹਾਂ ਪਾਰਟੀ ਦੇ ਮੰਡਲ ਪ੍ਰਧਾਨਾਂ ਨੂੰ ਲੋਕਾਂ ਦੇ ਮੁੱਦਿਆਂ ’ਤੇ ਸੰਵੇਦਨਸ਼ੀਲ ਹੋਣ ਦਾ ਹੋਕਾ ਦਿੰਦਿਆਂ ਆਖਿਆ ਕਿ ਲੋਕ ਉਦੋਂ ਆਪਣੇ ਬਣਦੇ ਹਨ ਜਦੋਂ ਵਰਕਰ ਲੋਕਾਂ ਲਈ ਸਮਾਂ ਕੱਢਣ ਤੇ ਉਨ੍ਹਾਂ ਦੇ ਮਸਲਿਆਂ ਦੇ ਹੱਲ ਲਈ ਡਟਣ। ਉਨ੍ਹਾਂ ਆਖਿਆ ਕਿ ਜਿੱਥੇ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਗੱਲ ਨਾ ਸੁਣਦੇ ਹੋਣ ਤੇ ਬੇਇਨਸਾਫ਼ੀ ਵਧ ਰਹੀ ਹੋਵੇ, ਉੱਥੇ ਭਾਜਪਾ ਦੇ ਮੰਡਲ ਪ੍ਰਧਾਨ ਆਪਣੀ ਸਿਆਸੀ ਤਾਕਤ ਦੇ ਪ੍ਰਦਰਸ਼ਨ ਲਈ ਰੋਸ ਧਰਨੇ ਵਿੱਢਣ। ਉਨ੍ਹਾਂ ਕਿਹਾ ਕਿ ਜਿੱਥੇ ਸਾਰੇ ਮੁਲਕ ਵਿਚ ਭਾਜਪਾ ਤੇਜ਼ੀ ਨਾਲ ਲੋਕਾਂ ਦੀਆਂ ਮੁਸ਼ਕਲਾਂ ਲਈ ਅੱਗੇ ਆ ਰਹੀ ਹੈ, ਉੱਥੇ ਹੀ ਪੰਜਾਬ ਵਿਚ ਵੀ ਅਜਿਹਾ ਮਾਹੌਲ ਸਿਰਜਿਆ ਜਾਣਾ ਚਾਹੀਦਾ ਹੈ ਕਿ 2022 ਦੇ ਪਿੜ ਤੋਂ ਪਹਿਲਾਂ ਭਾਜਪਾ ਸੂਬੇ ਅੰਦਰ ਮਜ਼ਬੂਤ ਦਿੱਖ ਦੀ ਧਿਰ ਬਣ ਕੇ ਉੱਭਰ ਸਕੇ। ਉਨ੍ਹਾਂ ਆਖਿਆ ਕਿ ਹਾਲਾਤ ਸਾਜ਼ਗਾਰ ਹਨ। ਭਾਜਪਾਈ ਵਰਕਰਾਂ ਤੇ ਅਹੁਦੇਦਾਰਾਂ ਨੂੰ ਪਿੜ ਸੁੰਨਾ ਨਹੀਂ ਛੱਡਣਾ ਚਾਹੀਦਾ।
ਸ੍ਰੀ ਸ਼ਰਮਾ ਨੇ ਕੈਪਟਨ ਸਰਕਾਰ ਦੀ ਨਿਖੇਧੀ ਕਰਦਿਆਂ ਆਖਿਆ ਕਿ ਕੈਪਟਨ ਨੇ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁਮਰਾਹ ਕੀਤਾ ਤੇ ਹੁਣ ਵਾਅਦੇ ਪੁਗਾਉਣ ਤੋਂ ਅੱਖਾਂ ਫੇਰ ਲਈਆਂ ਹਨ। ਉਨ੍ਹਾਂ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ’ਚ ਸੀਏਏ ਖ਼ਿਲਾਫ਼ ਪਾਏ ਮਤੇ ਦੀ ਨਿਖੇਧੀ ਕੀਤੀ। ਉਨ੍ਹਾਂ ਸੀਏਏ ਨੂੰ ਦੇਸ਼ ਭਰ ’ਚ ਲਾਗੂ ਕਰਵਾਉਣ ਲਈ ਸਾਰੇ ਪਾਰਟੀ ਵਰਕਰਾਂ ਨੂੰ ਡਟਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਨੇ ਵਰਕਰਾਂ ਨੂੰ ਜੀ ਆਇਆਂ ਕਹਿੰਦਿਆਂ ਭਾਜਪਾ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਅਸ਼ਵਨੀ ਸ਼ਰਮਾ ਨੇ ਮੀਡੀਆ ਤੋਂ ਬਚ ਕੇ ਕੁਝ ਭਾਜਪਾ ਆਗੂਆਂ ਨਾਲ ਮੀਟਿੰਗਾਂ ਵੀ ਕੀਤੀਆਂ।
INDIA ਪੰਜਾਬ ਵਿਚ ਭਾਜਪਾ ਮਜ਼ਬੂਤ ਹੋਣ ਲੱਗੀ: ਅਸ਼ਵਨੀ ਸ਼ਰਮਾ