ਮੌੜ ਬੰਬ ਕਾਂਡ ਪੀੜਤ ਪਰਿਵਾਰਾਂ ਦੇ ਤਿੰਨ ਮੈਂਬਰਾਂ ਨੇ ਨਵੀਂ ਕਾਇਮ ਕੀਤੀ ਗਈ ਸਿਟ ਦੇ ਮੈਂਬਰ ਐੱਸਐੱਸਪੀ ਬਠਿੰਡਾ ਕੋਲ ਅੱਜ ਬਿਆਨ ਦਰਜ ਕਰਵਾਏ ਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਮੰਗੀ।
ਸਿਟ ਸਾਹਮਣੇ ਪੇਸ਼ ਹੋਣ ਮਗਰੋਂ ਮ੍ਰਿਤਕ ਬੱਚੇ ਜਪਸਿਮਰਨ ਸਿੰਘ ਦੇ ਪਿਤਾ ਖ਼ੁਸ਼ਦੀਪ ਸਿੰਘ ਨੇ ਆਖਿਆ ਕਿ ਤਿੰਨ ਸਾਲ ਬੀਤਣ ਦੇ ਬਾਵਜੂਦ ਹਾਲੇ ਤਕ ਮੁਲਜ਼ਮਾਂ ਦਾ ਪਤਾ ਨਹੀਂ ਲੱਗ ਸਕਿਆ। ਵਿਸ਼ੇਸ਼ ਜਾਂਚ ਟੀਮ ਦੇ ਸੱਦੇ ’ਤੇ ਦੂਜੀ ਵਾਰ ਬਿਆਨ ਦਰਜ ਕਰਵਾਉਣ ਆਏ ਮ੍ਰਿਤਕ ਬੱਚਿਆਂ ਦੇ ਮਾਪਿਆਂ ਨੇ ਜਿੱਥੇ ਸਰਕਾਰ ਨੂੰ ਕੋਸਿਆ, ਉੱਥੇ ਹੀ ਡੇਰਾ ਸਿਰਸਾ ਦੇ ਪ੍ਰਬੰਧਕਾਂ ਦੇ ਨਾਲ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਅਤੇ ਉਸ ਦੇ ਭਰਾ ਗੋਪਾਲ ਸਿੰਘ ਕੋਲੋਂ ਪੁੱਛਗਿੱਛ ਕਰਨ ਦੀ ਅਪੀਲ ਕੀਤੀ। ਪੁਲੀਸ ਅਧਿਕਾਰੀਆਂ ਮੁਤਾਬਕ ਭਾਵੇਂ ਪੀੜਤਾਂ ਦੇ ਪਹਿਲਾਂ ਵੀ ਬਿਆਨ ਦਰਜ ਕੀਤੇ ਗਏ ਸਨ ਪਰ ਹੁਣ ਫਿਰ ਜਾਂਚ ਟੀਮ ਵੱਲੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਮ੍ਰਿਤਕ ਬੱਚੇ ਸੌਰਵ ਸਿੰਗਲਾ ਦੇ ਪਿਤਾ ਰਾਕੇਸ਼ ਕੁਮਾਰ ਬਿੱਟੂ ਅਤੇ ਰਿਪਨਦੀਪ ਸਿੰਘ ਦੇ ਪਿਤਾ ਮਾਸਟਰ ਨਛੱਤਰ ਸਿੰਘ ਨੇ ਵੀ ਅੱਜ ਪੁਲੀਸ ਕੋਲ ਬਿਆਨ ਦਰਜ ਕਰਵਾਏ। ਇਸ ਕਾਂਡ ’ਚ ਆਪਣੀ ਧੀ ਸਮੇਤ ਮਾਰੇ ਗਏ ਅਸ਼ੋਕ ਕੁਮਾਰ ਅਤੇ ਜੱਸੀ ਦੇ ਪੀਏ ਹਰਪਾਲ ਸਿੰਘ ਪਾਲੀ ਦੇ ਪਰਿਵਾਰ ਵਾਲੇ ਅੱਜ ਨਹੀਂ ਪੁੱਜ ਸਕੇ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਕੇਸ ਨਾਲ ਸਬੰਧਤ ਚਲਾਨ ਫਾਈਲ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਇੱਥੇ ਦੱਸਣਯੋਗ ਹੈ ਕਿ 31 ਜਨਵਰੀ, 2017 ਨੂੰ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਚਾਰ ਦਿਨ ਪਹਿਲਾਂ ਹੋਏ ਬੰਬ ਧਮਾਕੇ ਵਿਚ ਪੰਜ ਬੱਚਿਆਂ ਸਮੇਤ ਸੱਤ ਜਣਿਆਂ ਦੀ ਮੌਤ ਹੋ ਗਈ ਸੀ।
INDIA ਮੌੜ ਧਮਾਕਾ: ਪੀੜਤਾਂ ਨੇ ‘ਸਿਟ’ ਕੋਲ ਬਿਆਨ ਦਰਜ ਕਰਵਾਏ