ਪੱਟੀ- ਸ਼ਹਿਰ ਦੇ ਵਾਰਡ ਨੰਬਰ 5 ਦੇ ਅੰਦਰ ਮਾਂ ਵਿਚਕਾਰ ਤਕਰਾਰ ਨੂੰ ਰੋਕਣ ਗਏ ਤਾਏ ਦੇ ਪੁੱਤਰ ਨੂੰ ਉਸ ਦੇ ਚਚੇਰੇ ਭਰਾ ਵੱਲੋਂ ਗੋਲੀ ਮਾਰ ਕੇ ਜਖਮੀ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਨੂੰ ਪੱਟੀ ਸ਼ਹਿਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਤੇ ਜਿੱਥੇ ਉਸ ਦੀ ਹਾਲਤ ਸਥਿਰ ਹੈ। ਸਤਨਾਮ ਸਿੰਘ ਅਤੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਉਸ ਦਾ ਚਚੇਰਾ ਭਰਾ ਹੀਰਾ ਸਿੰਘ ਆਪਣੀ ਮਾਂ ਨਾਲ ਪਾਣੀ ਗਰਮ ਕਰਨ ਨੂੰ ਲੈ ਕੇ ਝਗੜਾ ਕਰ ਰਿਹਾ ਸੀ ਤਾਂ ਉਸ ਨੇ ਹੀਰਾ ਸਿੰਘ ਨੂੰ ਆਪਣੀ ਮਾਂ ਨਾਲ ਝਗੜਾ ਕਰਨ ਤੋਂ ਰੋਕਿਆ ਤਾਂ ਉਸ ਵੱਲੋਂ ਪਿਸਤੌਲ ਨਾਲ ਚਾਰ ਪੰਜ ਗੋਲੀਆਂ ਉਸ ਵੱਲ ਚਲਾਈਆਂ ਗਈਆਂ ਅਤੇ ਇੱਕ ਗੋਲੀ ਉਸ ਦੇ ਖੱਬੇ ਪੱਟ ਵਿੱਚ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਹੀਰਾ ਸਿੰਘ ਕੋਲ ਹਥਿਆਰ ਦਾ ਲਾਈਸੈਂਸ ਨਹੀ ਹੈ ਤੇ ਉਹ ਸ਼ਰੇਆਮ ਆਪਣੇ ਕੋਲ ਨਾਜਾਇਜ਼ ਹਥਿਆਰ ਰੱਖਦਾ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹੀਰਾ ਸਿੰਘ ਘਰ ਵਿੱਚ ਉਹਨਾਂ ਨੂੰ ਡਰਾਉਦਾ ਧਮਕਾਉਦਾ ਹੈ ਕਿ ਉਸ ਦੀ ਹਲਕੇ ਦੇ ਵੱਡੇ ਕਾਂਗਰਸੀ ਲੋਕਾਂ ਨਾਲ ਨੇੜਤਾ ਹੈ ਤੇ ਪੁਲੀਸ ਉਸ ਦਾ ਕੁਝ ਨਹੀਂ ਵਿਗਾੜ ਸਕਦੀ। ਪੀੜਤ ਪਰਿਵਾਰ ਨੇ ਪੁਲੀਸ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਮੁਲਜ਼ਮ ਉਨ੍ਹਾਂ ਦੇ ਪਰਿਵਾਰ ਦੇ ਜਾਨ ਮਾਲ ਦਾ ਨੁਕਸਾਨ ਕਰ ਸਕਦਾ ਹੈ ਤੇ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪੁਲੀਸ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਥਾਣਾ ਸਿਟੀ ਪੱਟੀ ਵਿਚ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਵਾਰਡ ਨੰਬਰ 5 ਪੱਟੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਦੀ ਗ੍ਰਿਫਤਾਰੀ ਲਈ ਭਾਲ ਜਾਰੀ ਹੈ।
‘ਕਿਸੇ ਨੂੰ ਵੀ ਗੁੰਡਾਗਰਦੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ’
ਜਦੋਂ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਕੋਲੋਂ ਹੀਰਾ ਸਿੰਘ ਦੀ ਕਾਂਗਰਸੀ ਆਗੂਆਂ ਨਾਲ ਨੇੜਤਾ ਹੋਣ ਬਾਬਤ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਜਾਂ ਪੀ ਏ ਕੋਲ ਕੰਮਕਾਰ ਕਈ ਹਲਕੇ ਨਾਲ ਸਬੰਧਤ ਬਹੁਤ ਸਾਰੇ ਲੋਕ ਆਉਂਦੇ ਹਨ ਪਰ ਇਸ ਦਾ ਇਹ ਮਤਲਬ ਨਹੀ ਕਿ ਕੋਈ ਉਨ੍ਹਾਂ ਨਾਲ ਨੇੜਤਾ ਬਣਾ ਕੇ ਇਲਾਕੇ ਵਿੱਚ ਗੁੰਡਾਗਰਦੀ ਕਰੇ। ਵਿਧਾਇਕ ਨੇ ਕਿਹਾ ਕਿ ਹਲਕੇ ਅੰਦਰ ਕਿਸੇ ਨੂੰ ਗੁੰਡਾਗਰਦੀ ਨਹੀਂ ਕਰਨ ਦਿੱਤੀ ਜਾਵੇਗੀ।