ਜਲੰਧਰ- ਬੈਂਕਾਂ ਦੀ ਦੂਜੇ ਦਿਨ ਦੀ ਹੜਤਾਲ ਦੌਰਾਨ ਜ਼ਿਲ੍ਹੇ ਵਿੱਚ 450 ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਇਆ। ਦੋ ਦਿਨਾਂ ਵਿੱਚ ਜ਼ਿਲ੍ਹੇ ਦੀਆਂ 720 ਬਰਾਂਚਾਂ ਬੰਦ ਰਹਿਣ ਕਾਰਨ 1250 ਕਰੋੜ ਤੋਂ ਵੱਧ ਦਾ ਕਾਰੋਬਾਰ ਨਹੀਂ ਹੋ ਸਕਿਆ। ਬੈਂਕਾਂ ਦੀ ਲਗਾਤਾਰ ਦੋ ਦਿਨ ਹੜਤਾਲ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਬੈਂਕਾਂ ਦੀ ਦੋ ਦਿਨ ਦੀ ਹੜਤਾਲ ਦੇ ਨਾਲ ਹੀ ਐਤਵਾਰ ਆਉਣ ਕਾਰਨ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਹੋਈ। ਹਾਲਾਂਕਿ ਹੜਤਾਲ ਕਾਰਨ ਏਟੀਐਮ ਨੂੰ ਨਕਦੀ ਨਾਲ ਭਰਿਆ ਗਿਆ ਸੀ ਤਾਂ ਜੋ ਲੋਕ ਅਸਾਨੀ ਨਾਲ ਪੈਸੇ ਕਢਵਾ ਸਕਣ ਪਰ ਜਿਹੜੇ ਲੋਕਾਂ ਦੇ ਕੰਮ ਬੈਂਕਾਂ ਵਿੱਚ ਹੀ ਜਾ ਕੇ ਹੋਣੇ ਸਨ, ਉਹ ਨਹੀਂ ਹੋ ਸਕੇ। ਯੂਨਾਈਟੇਡ ਬੈਂਕ ਫੋਰਮ ਯੂਨੀਅਨਜ਼ ਦੀ ਅਗਵਾਈ ਹੇਠ ਸਾਰੀਆਂ ਬਰਾਂਚਾਂ ਦੇ ਮੁਲਾਜ਼ਮਾਂ ਨੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ। ਕੋ-ਕਨਵੀਨਰ ਐਸਪੀਐਸ ਵਿਰਕ ਨੇ ਦੱਸਿਆ ਕਿ ਬੈਂਕਾਂ ਵਿੱਚ ਚੈੱਕ ਕਲੀਅਰ ਨਾ ਹੋਣ ਕਾਰਨ ਕਾਰੋਬਾਰ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇ ਬੈਂਕ ਕਾਮਿਆਂ ਦੀਆਂ ਮੰਗਾਂ ਨੂੰ ਇੰਝ ਹੀ ਅਣਗੌਲਿਆ ਕੀਤਾ ਤਾਂ 11, 12 ਤੇ 13 ਮਾਰਚ ਨੂੰ ਤਿੰਨ ਦੀ ਹੜਤਾਲ ਕੀਤੀ ਜਾਵੇਗੀ ਅਤੇ ਜੇ ਫਿਰ ਵੀ ਮੰਗਾਂ ਨਾ ਮੰਨੀਆਂ ਗਈਆ ਤਾਂ 1 ਅਪਰੈਲ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਐਸਬੀਆਈ ਦੀ ਮੁੱਖ ਬਰਾਂਚ ਦੇ ਸਾਹਮਣੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।ਇਸ ਮੌਕੇ ਕਾਮਰੇਡ ਬਲਜੀਤ ਕੌਰ, ਦਲੀਪ ਕੁਮਾਰ ਸ਼ਰਮਾ, ਸੰਜੀਵ ਭੱਲਾ, ਮੁਕੇਸ਼ ਕੁਮਾਰ, ਰਾਜ ਕੁਮਾਰ ਭਗਤ ਅਤੇ ਆਰ ਕੇ ਜੌਲੀ ਸਮੇਤ ਹੋਰ ਆਗੂਆਂ ਨੇ ਵੀ ਇਸ ਰੋਸ ਰੈਲੀ ਨੂੰ ਸੰਬੋਧਨ ਕੀਤਾ ਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।