ਪੰਜਾਬ ਦੀਆਂ ਦਰਜਨ ਦੇ ਕਰੀਬ ਸੰਘਰਸ਼ਸ਼ੀਲ ਜਨਤਕ ਜਥੇਬੰਦੀਆਂ ਵੱਲੋਂ ਸੀਏਏ, ਐੱਨਆਰਸੀ ਤੇ ਐੱਨਪੀਆਰ ਖ਼ਿਲਾਫ਼ ਅੱਜ ਮਾਲੇਰਕੋਟਲਾ ’ਚ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਹਿਲਾ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ’ਚ ਹਜ਼ਾਰਾਂ ਕਿਸਾਨ ਔਰਤਾਂ ਦੇ ਕਾਫ਼ਲੇ ਦਾ ਸਰਹਿੰਦੀ ਦਰਵਾਜ਼ੇ ਪੁੱਜਣ ’ਤੇ ਸ਼ਗੁਫਤਾ, ਜ਼ਰਕਾ ਜ਼ਾਫਰੀ ਤੇ ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਭਰਵਾਂ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਸਰਹਿੰਦੀ ਦਰਵਾਜ਼ੇ ਮੁਸਲਿਮ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਕਾਂਗਰਸ, ਧਰਮ ਨਿਰਪੱਖ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਮੁਦੱਈ ਪਾਰਟੀ ਹੈ, ਜੋ ਹਰ ਵਰਗ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੀ ਆ ਰਹੀ ਹੈ। ਕਾਂਗਰਸ ਪਾਰਟੀ ਦੇਸ਼ ਦੀ ਫ਼ਿਰਕੂ ਏਕਤਾ, ਧਰਮ ਨਿਰਪੱਖ ਸਰੂਪ ਨੂੰ ਬਰਕਰਾਰ ਰੱਖਣ ਅਤੇ ਸੰਵਿਧਾਨ ਦੀ ਰਾਖੀ ਲਈ ਆਪਣੇ ਯਤਨ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਹੋਰ ਕਾਂਗਰਸ ਸ਼ਾਸਤ ਰਾਜਾਂ ’ਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਨ ਲਈ ਮਤੇ ਪਾਸ ਕੀਤੇ ਗਏ ਹਨ। ਇਸ ਕਾਨੂੰਨ ਨੂੰ ਪੰਜਾਬ ’ਚ ਲਾਗੂ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਅਕਾਲੀ ਦਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਕਿ ਉਹ ਉਨ੍ਹਾਂ ਸਿਆਸੀ ਧਿਰਾਂ ਤੋਂ ਸੁਚੇਤ ਰਹਿਣ ਜੋ ਦਿੱਲੀ ਜਾ ਕੇ ਹੋਰ ਤੇ ਪੰਜਾਬ ’ਚ ਆ ਕੇ ਹੋਰ ਬੋਲੀ ਬੋਲਦੇ ਹਨ। ਉਪਰੰਤ ਮੁਸਲਿਮ ਔਰਤਾਂ ਅਤੇ ਕਿਸਾਨ ਔਰਤਾਂ ਨੇ ਸ਼ਹਿਰ ਅੰਦਰ ਰੋਸ ਮਾਰਚ ਕੀਤਾ। ਸੱਟਾ ਚੌਕ ’ਚ ਰੋਸ ਮਾਰਚ ਦੀ ਸਮਾਪਤੀ ਮੌਕੇ ਕਿਸਾਨ ਯੂਨੀਅਨ ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਭਾਜਪਾ ਹਕੂਮਤ ਦੀਆਂ ਦੇਸ਼ ‘ਚ ਫ਼ਿਰਕੂ ਵੰਡੀਆਂ ਪਾਉਣ ਦੀਆਂ ਚਾਲਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ, ਐੱਨਆਰਸੀ ਤੇ ਐੱਨਪੀਆਰ ਰਾਹੀਂ ਫਿਰਕੂ ਅਮਨ ਨੂੰ ਲਾਂਬੂ ਲਾਉਣ ਦੇ ਮਨਸੂਬਿਆਂ ਨੂੰ ਮਾਤ ਦੇਣ ਲਈ ਮੁਸਲਿਮ ਭਾਈਚਾਰੇ ਖ਼ਾਸ ਕਰਕੇ ਮੁਸਲਿਮ ਔਰਤਾਂ ਵੱਲੋਂ ਮੈਦਾਨ ’ਚ ਡਟਣ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਜਮਹੂਰੀ ਤੇ ਧਰਮ ਨਿਰਪੱਖ ਕਦਰਾਂ ਕੀਮਤਾਂ ਦੀ ਘੋਰ ਉਲੰਘਣਾ ਕਰਦਾ ਹੈ। ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੰਗ-ਏ-ਆਜ਼ਾਦੀ ‘ਚ ਸੰਘ ਦੀ ਕੋਈ ਕੋਈ ਭੂਮਿਕਾ ਨਹੀਂ ਹੈ। ਸੰਘ ਪਰਿਵਾਰ ਅੰਗਰੇਜ਼ਾਂ ਦੀ ਤਰਜ਼ ‘ਤੇ ਦੇਸ਼ ਵਾਸੀਆਂ ਨੂੰ ਧਰਮ ਦੇ ਆਧਾਰ ’ਤੇ ਵੰਡ ਕੇ ਰਾਜ ਕਾਇਮ ਰੱਖਣਾ ਚਾਹੁੰਦਾ ਹੈ। ਦੇਸ਼ ਦੇ ਹਾਕਮਾਂ ਨੂੰ 1947 ਦਾ ਇਤਿਹਾਸ ਨਹੀਂ ਦੁਹਰਾਉਣ ਦਿੱਤਾ ਜਾਵੇਗਾ। ਉਨ੍ਹਾਂ ਇਸ ਕਾਨੂੰਨ ਦਾ ਵਿਰੋਧ ਕਰਦੇ ਲੋਕਾਂ ਸਮੇਤ ਜਾਮੀਆ ਮਿਲੀਆ ਤੇ ਜੇਐੱਨਯੂ ਦੇ ਵਿਦਿਆਰਥੀਆਂ ’ਤੇ ਪੁਲੀਸ ਤੇ ਨਕਾਬਪੋਸ਼ ਗੁੰਡਿਆਂ ਵੱਲੋਂ ਗੋਲੀ ਚਲਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਭਾਜਪਾ ਹਕੂਮਤ ਦੇ ਇਹ ਕਦਮ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮਨਸੂਬਿਆਂ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨਾਂ ਖ਼ਿਲਾਫ਼ ਜਨਤਕ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਮਾਲੇਰਕੋਟਲਾ ਵਿਚ ਰੋਸ ਰੈਲੀ ਕੀਤੀ ਜਾ ਰਹੀ ਹੈ।
INDIA ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਨਿੱਤਰੀਆਂ ਜਨਤਕ ਜਥੇਬੰਦੀਆਂ