ਮੈਲਬਰਨ: ਹੁਣ ਤੱਕ ਸੱਤ ਆਸਟਰੇਲੀਅਨ ਓਪਨ ਫਾਈਨਲ ਜਿੱਤਣ ਵਾਲਾ ਨੋਵਾਕ ਜੋਕੋਵਿਚ ਲਗਾਤਾਰ 12 ਮੈਚ ਜਿੱਤ ਚੁੱਕਿਆ ਹੈ। ਹੁਣ ਉਸ ਦੀ ਐਤਵਾਰ ਨੂੰ ਖ਼ਿਤਾਬੀ ਟੱਕਰ ਡੌਮੀਨਿਕ ਥੀਮ ਨਾਲ ਹੋਵੇਗੀ, ਜੋ ਟੂਰਨਾਮੈਂਟ ਵਿੱਚ ਮੰਨੇ-ਪ੍ਰਮੰਨੇ ਖਿਡਾਰੀਆਂ ਨੂੰ ਹਰਾ ਕੇ ਇਸ ਮੁਕਾਮ ’ਤੇ ਪਹੁੰਚਿਆ ਹੈ। ਜੋਕੋਵਿਚ ਜੇਕਰ ਇਸ ਹੌਸਲੇ ਨਾਲ ਭਰਪੂਰ ਖਿਡਾਰੀ ’ਤੇ ਖ਼ਿਤਾਬੀ ਜਿੱਤ ਦਰਜ ਕਰ ਲੈਂਦਾ ਹੈ ਤਾਂ ਉਹ ਦੁਨੀਆ ਦਾ ਅੱਵਲ ਨੰਬਰ ਖਿਡਾਰੀ ਬਣ ਜਾਵੇਗਾ। ਸਰਬੀਆ ਦੇ ਜੋਕੋਵਿਚ ਦਾ ਆਸਟਰੀਆ ਦੇ ਥੀਮ ਖ਼ਿਲਾਫ਼ ਜਿੱਤ-ਹਾਰ ਦਾ ਕਰੀਅਰ ਰਿਕਾਰਡ 6-4 ਦਾ ਹੈ। ਥੀਮ ਨੇ ਪਿਛਲੇ ਪੰਜ ਵਿੱਚੋਂ ਚਾਰ ਵਾਰ ਜਿੱਤ ਦਰਜ ਕੀਤੀ ਹੈ। ਜੋਕੋਵਿਚ ਨੇ ਥੀਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ‘‘ਉਸ ਨੂੰ ਅਗਲੀ ਪੀੜ੍ਹੀ ਦਾ ਕਹਿਣਾ ਗ਼ਲਤ ਹੋਵੇਗਾ ਕਿਉਂਕਿ ਉਹ ਲੰਬੇ ਸਮੇਂ ਤੋਂ ਖੇਡ ਰਿਹਾ ਹੈ। ਹੁਣ ਉਹ ਚੋਟੀ ਦੇ ਪੰਜ, ਸਿਖਰਲੇ ਦਸ ਦਾ ਖਿਡਾਰੀ ਹੈ।’’