ਹਾਏ! ਬਿੱਲੀ ਰਸਤਾ ਕੱਟ ਗਈ

(ਸਮਾਜ ਵੀਕਲੀ)

ਸਾਡੇ ਦੇਸ਼ ਦੇ ਲੋਕਾਂ ਅੰਦਰ ਧਾਰਮਿਕ ਆਸਥਾ ਕੁੱਟ ਕੁੱਟ ਕੇ ਭਰੀ ਹੋਈ ਹੈ।ਜਿੰਨੇ ਧਾਰਮਿਕ ਸਥਾਨ ਸਾਡੇ ਦੇਸ਼ ਵਿੱਚ ਹਨ ਸ਼ਾਇਦ ਹੀ ਦੁਨੀਆਂ ਦੇ ਕਿਸੇ ਹੋਰ ਦੇਸ਼ ਵਿੱਚ ਹੋਣਗੇ ਜੋ ਸਾਡੀ ਭਾਰਤੀਆਂ ਦੀ ਸੰਸਾਰ ਵਿੱਚ ਇੱਕ ਵਿਲੱਖਣ ਪਛਾਣ ਬਣਾਉਂਦੇ ਹਨ । ਜੋ ਇੱਕ ਬਹੁਤ ਵਧੀਆ ਗੱਲ ਹੈ।ਪਰ ਲੋਕਾਂ ਦਾ ਜਿੰਨਾ ਆਪਣੇ ਆਪਣੇ ਧਰਮ ਵਿੱਚ ਵਿਸ਼ਵਾਸ ਹੈ ਓਨਾਂ ਹੀ ਉਹਨਾਂ ਵਿੱਚ ਵਹਿਮਾਂ ਭਰਮਾਂ ਨੇ ਵੀ ਡੇਰਾ ਵੱਧ ਜਮਾਇਆ ਹੋਇਆ ਹੈ।ਇਹ ਵਹਿਮ ਭਰਮ ਵੀ ਅੱਡ ਅੱਡ ਸੂਬਿਆਂ ਅਤੇ ਧਰਮਾਂ ਨਾਲ ਜੁੜੇ ਵੱਖ ਵੱਖ ਤਰ੍ਹਾਂ ਦੇ ਹੁੰਦੇ ਹਨ। ਉਂਝ ਤਾਂ ਜਨਮ ਲੈਣ ਤੋਂ ਪਹਿਲਾਂ ਹੀ ਵਹਿਮਾਂ ਭਰਮਾਂ ਦਾ ਸਾਇਆ ਇਨਸਾਨ ਉੱਪਰ ਪੈਣਾ ਸ਼ੁਰੂ ਹੋ ਜਾਂਦਾ ਹੈ । ਜਨਮ ਲੈਣ ਤੋਂ ਬਾਅਦ ਹੌਲੀ ਹੌਲੀ ਕਈ ਵਹਿਮਾਂ ਭਰਮਾਂ ਨੂੰ ਅਪਣਾਉਂਦਾ ਹੋਇਆ ਮਨੁੱਖ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਾ ਲੈਂਦਾ ਹੈ ਜੋ ਸਾਰੀ ਉਮਰ ਉਸ ਦੇ ਨਾਲ ਨਾਲ ਹੀ ਤੁਰਦੇ ਅਤੇ ਨਿਭਦੇ ਜਾਂਦੇ ਹਨ।

ਬਿੱਲੀ ਦੇ ਰਸਤਾ ਕੱਟਣ ਦਾ ਵਹਿਮ ਤਾਂ ਸਭ ਨੇ ਸੁਣਿਆ ਹੀ ਹੋਵੇਗਾ ਅਤੇ ਇਸ ਨਾਲ ਸਬੰਧਤ ਘਟਨਾ ਵੀ ਸਭ ਨਾਲ ਕਿਤੇ ਨਾ ਕਿਤੇ ਜ਼ਰੂਰ ਵਾਪਰੀ ਹੋਵੇਗੀ ਤੇ ਫ਼ਿਰ ਵਹਿਮ ਵੀ ਕੀਤਾ ਹੀ ਹੋਵੇਗਾ। ਇੱਕ ਵਾਰੀ ਰਣਬੀਰ ਦੀ ਛੋਟੀ ਭੈਣ ਦੀ ਤਬੀਅਤ ਵਿਗੜ ਗਈ।ਉਸ ਦੇ ਨਿਆਣਾ ਨਿੱਕਾ ਹੋਣ ਵਾਲ਼ਾ ਸੀ। ਜਲਦੀ ਨਾਲ ਪਰਿਵਾਰਕ ਮੈਂਬਰ ਉਸ ਨੂੰ ਗੱਡੀ ਵਿੱਚ ਬਿਠਾ ਕੇ ਹਸਪਤਾਲ ਲਿਜਾਣ ਲੱਗੇ ਤਾਂ ਇੱਕ ਬਿੱਲੀ ਰਸਤਾ ਕੱਟ ਗਈ।ਐਨਾ ਸ਼ੁਕਰ ਹੈ ਕਿ ਉਸ ਬਿੱਲੀ ਨੂੰ ਰਸਤਾ ਕੱਟਦੇ ਇਕੱਲੀ ਰਣਬੀਰ ਨੇ ਦੇਖਿਆ ਸੀ। ਉਹ ਉੱਥੇ ਹੀ ਚੁੱਪ ਕਰ ਗਈ ਪਰ ਉਸ ਦੇ ਮਨ ਵਿੱਚ ਡਰ ਜਿਹਾ ਪੈਦਾ ਹੋ ਗਿਆ। ਫਿਰ ਵੀ ਉਸ ਨੇ ਆਪਣੇ ਆਪ ਨੂੰ ਹੌਸਲਾ ਦਿੰਦੇ ਹੋਏ ਸਮਝਾਇਆ,”…..ਹੋਣਾਂ ਤਾਂ ਉਹੀ ਆ ਜੋ ਪਰਮਾਤਮਾ ਨੇ ਕਰਨਾ…..ਘਬਰਾਉਣਾ ਕਾਹਤੋਂ ਆ…..ਦਾਤਾ ਭਲੀ ਕਰੂ….।”

ਹਸਪਤਾਲ ਜਾ ਕੇ ਉਸ ਦੀ ਭੈਣ ਦਾ ਇਲਾਜ ਹੋਇਆ ਤਾਂ ਉਹ ਠੀਕ ਹੋ ਗਈ ਤੇ ਸ਼ਾਮ ਤੱਕ ਛੁੱਟੀ ਮਿਲ਼ ਗਈ ਤੇ ਖੁਸ਼ੀ ਖੁਸ਼ੀ ਘਰ ਆ ਗਏ। ਸ਼ਾਮ ਨੂੰ ਰਣਬੀਰ ਨੇ ਸਾਰੇ ਟੱਬਰ ਨੂੰ ਦੱਸਿਆ ਤਾਂ ਕੋਲ਼ ਬੈਠੀ ਗੁਆਂਢਣ ਨੇ ਇੱਕ ਹੋਰ ਤੱਤ ਈ ਕੱਢ ਦਿੱਤਾ। ਕਹਿੰਦੀ,”…… ਬਿੱਲੀ ਦਾ ਰਸਤਾ ਕੱਟਿਆ….. ਤਾਂ ….. ਮਾੜਾ ਹੁੰਦਾ ਜੇ ਉਹ ਖੁੱਲ੍ਹੀ ਬੁੱਕਲ਼ (ਖੱਬਿਓਂ ਸੱਜੇ ਵੱਲ ਨੂੰ) ਹੋਵੇ…. ਜੇ ਬੰਦ ਬੁੱਕਲ਼ (ਸੱਜਿਓਂ ਖੱਬੇ ਵੱਲ ਨੂੰ) ਹੋਏ ਤਾਂ ਚੰਗਾ ਹੁੰਦਾ। ” ਰਣਬੀਰ ਚੁੱਪ ਕਰ ਗਈ ਤੇ ਸੋਚਣ ਲੱਗੀ ਕਿ ਲੋਕਾਂ ਨੇ ਵਹਿਮ ਦਿਮਾਗ ਵਿੱਚੋਂ ਨੀ ਕੱਢਣਾ , ਚਾਹੇ ਉਹਨੂੰ ਤੋੜ ਮਰੋੜ ਕੇ ਕਿਉਂ ਨਾ ਪੇਸ਼ ਕਰਨਾ ਪਵੇ।

ਇਸੇ ਤਰ੍ਹਾਂ ਇੱਕ ਵਾਰ ਅੰਜੂ ਨੌਕਰੀ ਲਈ ਇੰਟਰਵਿਊ ਦੇਣ ਚੱਲੀ ਤਾਂ ਜਿਵੇਂ ਹੀ ਉਸ ਨੇ ਆਪਣਾ ਸਕੂਟਰ ਤੋਰਿਆ ਤਾਂ ਮੂਹਰਿਓਂ ਬਿੱਲੀ ਰਸਤਾ ਕੱਟ ਗਈ। ਉਸ ਦੇ ਦਿਮਾਗ ਵਿੱਚ ਐਸਾ ਵਹਿਮ ਬੈਠਿਆ ਕਿ ਉੱਥੇ ਪੇਪਰ ਕਰਨ ਲੱਗੇ ਵੀ ਉਸ ਦੇ ਮਨ ਵਿੱਚ ਬਿੱਲੀ ਦੇ ਰਸਤਾ ਕੱਟਣ ਦਾ ਡਰ ਹੀ ਘੁੰਮਦਾ ਰਿਹਾ।ਉਸ ਨੂੰ ਜੋ ਕੁਝ ਵੀ ਆਉਂਦਾ ਸੀ ਉਹ ਵੀ ਭੁੱਲ ਗਿਆ। ਇੰਟਰਵਿਊ ਦੇ ਸਮੇਂ ਵੀ ਘਬਰਾਹਟ ਵਿੱਚ ਕੋਈ ਜਵਾਬ ਢੰਗ ਨਾਲ ਨਾ ਦੇ ਸਕੀ। ਫੇਰ ਨੌਕਰੀ ਕਿੱਥੋਂ ਮਿਲਣੀ ਸੀ , ਦੋਸ਼ ਸਾਰਾ ਬਿੱਲੀ ਦੇ ਸਿਰ ਮੜ੍ਹ ਦਿੱਤਾ ਗਿਆ।

ਉਪਰੋਕਤ ਦੋਵਾਂ ਘਟਨਾਵਾਂ ਮੁਤਾਬਕ ਜੇ ਆਪਾਂ ਸੋਚੀਏ ਕਿ ਸੱਚ ਮੁੱਚ ਇਹ ਸਭ ਕੁਝ ਬਿੱਲੀ ਦੇ ਰਸਤਾ ਕੱਟਣ ਦਾ ਨਤੀਜਾ ਹੀ ਸੀ।ਇੰਝ ਬਿਲਕੁਲ ਵੀ ਸਹੀ ਨਹੀਂ ਹੈ। ਅਸਲ ਵਿੱਚ ਉੱਪਰ ਵਾਲੀ ਘਟਨਾ ਵਿੱਚ ਰਣਬੀਰ ਨੇ ਬਿੱਲੀ ਦੇ ਰਸਤਾ ਕੱਟਣ ਦੀ ਘਟਨਾ ਨੂੰ ਬਹੁਤੀ ਗਹਿਰਾਈ ਵਿੱਚ ਨਾ ਲੈ ਕੇ ਸਗੋਂ ਆਪਣੇ ਮਨ ਵਿੱਚ ‘ਚੰਗਾ ਹੀ ਹੋਵੇਗਾ ‘ ਦਾ ਭਾਵ ਉਪਜਿਆ ਤਾਂ ਸਭ ਕੁਝ ਚੰਗਾ ਹੀ ਹੋਇਆ। ਦੂਜੀ ਘਟਨਾ ਵਿੱਚ ਅੰਜੂ ਨੇ ਆਪਣੇ ਮਨ ਵਿੱਚ ਬਿੱਲੀ ਦੇ ਰਸਤਾ ਕੱਟਣ ਵਾਲੀ ਘਟਨਾ ਨੂੰ ਇੱਕ ਡਰ ਬਣਾ ਕੇ ਵਸਾ ਲਿਆ ਤਾਂ ਡਰ ਨਾਲ ਨਾ ਪੇਪਰ ਵਧੀਆ ਕੀਤਾ ਤੇ ਨਾ ਹੀ ਇੰਟਰਵਿਊ ਠੀਕ ਦਿੱਤੀ।ਪਰ ਬਿੱਲੀ ਦੇ ਰਸਤਾ ਕੱਟਣ ਵਾਲੇ ਵਹਿਮ ਨੂੰ ਹੋਰ ਪੱਕਾ ਕਰਕੇ ਮਨ ਵਿੱਚ ਵਸਾ ਲਿਆ।

ਦਰ ਅਸਲ ਵਹਿਮ ਭਰਮ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੁੰਦੇ ਹਨ। ਕਮਜ਼ੋਰ ਮਨ ਵਾਲ਼ਾ ਵਿਅਕਤੀ ਜਦੋਂ ਛੋਟੇ ਛੋਟੇ ਵਹਿਮਾਂ ਨੂੰ ਮਨ ਵਿੱਚ ਵਸਾ ਕੇ ਆਪਣੇ ਅੰਦਰ ਭੈਅ ਪੈਦਾ ਕਰਦਾ ਹੈ ਤਾਂ ਉਹ ਆਪਣੇ ਆਲ਼ੇ ਦੁਆਲ਼ੇ ਡਰ ਵਾਲ਼ਾ ਵਾਤਾਵਰਨ ਸਿਰਜ ਰਿਹਾ ਹੁੰਦਾ ਹੈ। ਜਿਸ ਤਰ੍ਹਾਂ ਦਾ ਵਾਤਾਵਰਨ ਮਨੁੱਖ ਆਪਣੇ ਆਲ਼ੇ ਦੁਆਲ਼ੇ ਸਿਰਜਦਾ ਹੈ ਉਸ ਤਰ੍ਹਾਂ ਦੀਆਂ ਘਟਨਾਵਾਂ ਹੀ ਉਸ ਨਾਲ਼ ਵਾਪਰਦੀਆਂ ਹਨ।ਇਸ ਲਈ ਬਿੱਲੀ ਵੀ ਤਾਂ ਵਿਚਾਰੀ ਆਮ ਜਾਨਵਰਾਂ ਵਰਗੀ ਹੀ ਹੈ, ਉਸ ਨੇ ਵੀ ਅਜ਼ਾਦੀ ਨਾਲ ਇੱਧਰ ਉੱਧਰ ਘੁੰਮਣਾ ਹੈ। ਮਨੁੱਖ ਸਾਰਾ ਦਿਨ ਇੱਕ ਦੂਜੇ ਦਾ ਰਸਤਾ ਤਾਂ ਛੱਡੋ ਇੱਕ ਦੂਜੇ ਦੀਆਂ ਗੱਲਾਂ ਕੱਟਦਾ ਹੈ। ਉਹਨਾਂ ਦਾ ਨਤੀਜਾ ਵੀ ਤਾਂ ਮਾੜਾ ਹੀ ਨਿਕਲਦਾ ਹੈ,ਇਸ ਨੂੰ ਮਨੁੱਖ ਨੇ ਵਹਿਮ ਕਿਉਂ ਨਹੀਂ ਬਣਾਇਆ? ਇਸ ਲਈ ਵਹਿਮ ਭਰਮ ਕੁਝ ਨਹੀਂ ਹੁੰਦੇ ਸਗੋਂ ਉਹ ਮਨੁੱਖੀ ਮਨ ਦੀ ਉਪਜ ਹੁੰਦੇ ਹਨ ਜੋ ਉਸ ਅੰਦਰ ਨਾਂਹਪੱਖੀ ਰਵੱਈਆ ਪੈਦਾ ਕਰਕੇ ਉਸ ਨੂੰ ਕਮਜ਼ੋਰ ਬਣਾਉਂਦੇ ਹਨ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEU, Hungary break logjam on funding
Next articleਕਵਿਤਾ