ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸ਼ਾਹੀਨ ਬਾਗ਼ ਵਿੱਚ ਸੀਏਏ ਵਿਰੋਧੀ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਅੱਜ ਕਿਹਾ ਕਿ ਇਹ ਫੈਸਲਾ ਦਿੱਲੀ ਦੇ ਲੋਕਾਂ ਨੇ ਕਰਨਾ ਹੈ ਕਿ ਉਨ੍ਹਾਂ ਨੂੰ ‘ਜਿਨਾਹ ਵਾਲੀ ਆਜ਼ਾਦੀ’ ਚਾਹੀਦੀ ਹੈ ਜਾਂ ਭਾਰਤ ਮਾਤਾ ਕੀ ਜੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਘੱਟਗਿਣਤੀਆਂ ਦੇ ਦਿਮਾਗ ’ਚ ‘ਜ਼ਹਿਰ’ ਭਰ ਰਹੀ ਹੈ। ਦਿੱਲੀ ਅਸੈਂਬਲੀ ਦੀਆਂ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਸੋਧੇ ਹੋਏ ਨਾਗਰਿਕਤਾ ਐਕਟ ਦਾ ਵਿਰੋਧ ਕਰ ਰਹੀਆਂ ਸੱਤਾਧਾਰੀ ‘ਆਪ’ ਤੇ ਕਾਂਗਰਸ ਉੱਤੇ ਹਮਲੇ ਤੇਜ਼ ਕਰ ਦਿੱਤੇ ਹਨ। ਜਾਵੜੇਕਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਉਥੇ (ਸ਼ਾਹੀਨ ਬਾਗ਼) ‘ਜਿਨਾਹ ਵਾਲੀ ਆਜ਼ਾਦੀ’ ਦੇ ਨਾਅਰੇ ਲਗਦੇ ਵੇਖੇ ਹਨ। ਹੁਣ ਦਿੱਲੀ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਉਨ੍ਹਾਂ ਨੂੰ ‘ਜਿਨਾਹ ਵਾਲੀ ਆਜ਼ਾਦੀ’ ਚਾਹੀਦੀ ਹੈ ਜਾਂ ‘ਭਾਰਤ ਮਾਤਾ ਕੀ ਜੈ’।’’ ਉਨ੍ਹਾਂ ‘ਆਪ’ ਤੇ ਕਾਂਗਰਸ ’ਤੇ ਕੌਮੀ ਰਾਜਧਾਨੀ ਵਿੱਚ ਹਿੰਸਾ ਨੂੰ ਹਵਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ, ‘ਦਿੱਲੀ ਦੇ ਲੋਕਾਂ ਨੂੰ ਦੋਵਾਂ ਪਾਰਟੀਆਂ ਨੂੰ ਇਸ ਬਾਬਤ ਸਵਾਲ ਪੁੱਛਣਾ ਚਾਹੀਦਾ ਹੈ। ਸ਼ਾਹੀਨ ਬਾਗ਼ ਪ੍ਰਦਰਸ਼ਨਾਂ ਪਿੱਛੇ ‘ਆਪ’ ਤੇ ਕਾਂਗਰਸ ਦੀ ਮਿਲੀਭੁਗਤ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ ਮਨੀਸ਼ ਸਿਸੋਦੀਆ ਨੇ ਪ੍ਰਦਰਸ਼ਨ ਦੀ ਹਮਾਇਤ ਕੀਤੀ ਹੈ।’ ਉਨ੍ਹਾਂ ਕਿਹਾ, ‘ਉਹ (ਆਪ ਤੇ ਕਾਂਗਰਸ) ਘੱਟਗਿਣਤੀਆਂ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਨੂੰ ਕੁਰਾਹੇ ਪਾਉਣ ਦੇ ਨਾਲ ਉਨ੍ਹਾਂ ਦੇ ਦਿਮਾਗ ’ਚ ਜ਼ਹਿਰ ਭਰ ਰਹੇ ਹਨ।’ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਸੀਏਏ ਦਾ ਮੁੱਖ ਮੰਤਵ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ਵਿੱੱਚ ਧਾਰਮਿਕ ਵਧੀਕੀਆਂ ਦੇ ਸ਼ਿਕਾਰ ਘੱਟਗਿਣਤੀਆਂ, ਜਿਨ੍ਹਾਂ ਵਿੱਚ ਹਿੰਦੂ ਤੇ ਸਿੱਖ ਵੀ ਸ਼ਾਮਲ ਹਨ, ਨੂੰ ਨਾਗਰਿਕਤਾ ਮੁਹੱਈਆ ਕਰਵਾਉਣਾ ਹੈ। ਜਾਵੜੇਕਰ ਨੇ ਕਿਹਾ ਕਿ ਕੇਜਰੀਵਾਲ ‘ਜਿਨਾਹ ਵਾਲੀ ਆਜ਼ਾਦੀ’ ਦੇ ਨਾਅਰੇ ਲਾਉਣ ਵਾਲਿਆਂ ਨਾਲ ਹਮਦਰਦੀ ਰੱਖਦੇ ਹਨ।
INDIA ‘ਜਿਨਾਹ ਵਾਲੀ ਆਜ਼ਾਦੀ’ ਜਾਂ ‘ਭਾਰਤ ਮਾਤਾ ਕੀ ਜੈ’ ਫ਼ੈਸਲਾ ਦਿੱਲੀ ਦੇ ਲੋਕ...