ਜਲੰਧਰ- ਡੇਢ ਮਹੀਨਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਨਾਲ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੱਲੋਂ ਗਾਲੀ ਗਲੋਚ ਕਰਨ ਦੇ ਮਾਮਲੇ ਨੂੰ ਪਾਰਟੀ ਨੇ ਅਜੇ ਤਕ ਕਿਸੇ ਤਣ-ਪੱਤਣ ਨਹੀਂ ਲਾਇਆ। ਮਸਲਾ ਹੱਲ ਨਾ ਹੋਣ ਕਾਰਨ ਠੱਗੇ ਹੋਏ ਮਹਿਸੂਸ ਕਰ ਰਹੇ ਪੰਥਕ ਸੋਚ ਵਾਲੇ ਆਗੂਆਂ ਨਾਲ ਢੀਂਡਸਾ ਧੜੇ ਨੇ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਮਸਲਾ ਹੱਲ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਦੀ ਜ਼ਿੰਮੇਵਾਰੀ ਲਾਈ ਗਈ ਸੀ ਕਿ ਉਹ ਸਰਬਜੀਤ ਮੱਕੜ ਨੂੰ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੇ ਘਰ ਲਿਜਾ ਕੇ ਮੁਆਫ਼ੀ ਮੰਗਵਾ ਦੇਣਗੇ ਪਰ ਜ਼ਿਲ੍ਹਾ ਪ੍ਰਧਾਨ ਇਸ ਗੱਲ ’ਤੇ ਅੜੇ ਹੋਏ ਹਨ ਕਿ ਇਕੱਲੀ ਮੁਆਫ਼ੀ ਨਾਲ ਪੰਥਕ ਸੋਚ ਰੱਖਣ ਵਾਲੇ ਆਗੂਆਂ ਦੇ ਮਨਾਂ ਨੂੰ ਤਸੱਲੀ ਨਹੀਂ ਹੋਣੀ। ਇਸ ਕਰਕੇ ਅਜੇ ਇਹ ਮਾਮਲਾ ਵਿਚਾਲੇ ਹੀ ਲਟਕ ਰਿਹਾ ਹੈ। ਉਧਰ, ਟਕਸਾਲੀ ਅਕਾਲੀ ਆਗੂਆਂ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਨੇ ਸ਼ਹਿਰੀ ਜਥੇ ਦੀ ਨਾਰਾਜ਼ਗੀ ਨੂੰ ਦੇਖਦਿਆਂ ਉਨ੍ਹਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਵੱਲੋਂ ਦਿੱਤੇ ਗਏ ਸਿਆਸੀ ਝਟਕੇ ਦੌਰਾਨ ਪਾਰਟੀ ਅਜੇ ਸੰਭਲ ਨਹੀਂ ਰਹੀ। ਅਚਨਚੇਤੀ ਪਈ ਸਿਆਸੀ ਬਿਪਤਾ ਨੂੰ ਟਾਲਣ ਦਾ ਵੀ ਦਲ ਕੋਲ ਕੋਈ ਸੁਖਾਵਾਂ ਉਪਾਅ ਨਜ਼ਰ ਨਹੀਂ ਆ ਰਿਹਾ। ਅਜਿਹੇ ਹਾਲਾਤ ਵਿਚ ਪਾਰਟੀ ਅੰਦਰ ਹੋਈ ਖਿੱਚੋਤਾਣ ਨੂੰ ਨਜਿੱਠਣ ਲਈ ਵੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਕੋਲ ਸਮਾਂ ਨਹੀਂ ਹੈ। ਡੇਢ ਮਹੀਨਾ ਪਹਿਲਾਂ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਨਾਲ ਗਾਲੀ ਗਲੋਚ ਕਰਨ ਵਾਲੇ ਸਰਬਜੀਤ ਸਿੰਘ ਮੱਕੜ ਨੂੰ ਪਾਰਟੀ ਨੇ ਸਜ਼ਾ ਤਾਂ ਕੀ ਦੇਣੀ ਸੀ ਸਗੋਂ ਇਸ ਮਾਮਲੇ ਦਾ ਧੂੰਆਂ ਹੀ ਨਹੀਂ ਨਿਕਲਣ ਦਿੱਤਾ ਜਾ ਰਿਹਾ। ਉਦੋਂ ਗੁੱਸੇ ਵਿਚ ਆਏ ਜ਼ਿਲ੍ਹਾ ਸ਼ਹਿਰੀ ਜਥੇ ਦੇ ਆਗੂਆਂ ਨੇ ਆਪਣੇ ਅਸਤੀਫ਼ੇ ਦੇਣ ਦੀ ਧਮਕੀ ਦਿੱਤੀ ਸੀ ਪਰ 14 ਦਸੰਬਰ, 2019 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਚੋਣ ਤੱਕ ਇਸ ਮਾਮਲੇ ਨੂੰ ਟਾਲਣ ਵਾਸਤੇ ਕਿਹਾ ਗਿਆ ਸੀ।
INDIA ਮੰਨਣ ਨਾਲ ਬਦਸਲੂਕੀ ਦਾ ਮਸਲਾ ਹੱਲ ਨਾ ਹੋਇਆ