ਹਜ਼ਾਰਾਂ ਦੀ ਗਿਣਤੀ ’ਚ ਔਰਤਾਂ ਨੇ ਕੀਤੀ ਸ਼ਮੂਲੀਅਤ;
ਆਗੂਆਂ ਨੇ ਸੰਘਰਸ਼ ’ਚ ਔਰਤਾਂ ਦੀ ਵੱਡੀ ਹਾਜ਼ਰੀ ਨੂੰ ਚੰਗੇ ਸੰਕੇਤ ਦੱਸਿਆ
ਮਾਲੇਰਕੋਟਲਾ– ਸੰਵਿਧਾਨ ਬਚਾਓ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਅੱਜ ਇੱਥੇ ਸੀਏਏ, ਐੱਨਆਰਸੀ ਅਤੇ ਐੱਨਪੀਆਰ ਖ਼ਿਲਾਫ਼ ਮਹਿਲਾ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਔਰਤਾਂ ਨੇ ਸ਼ਮੂਲੀਅਤ ਕੀਤੀ। ਸਰਹਿੰਦੀ ਦਰਵਾਜ਼ੇ ਤੋਂ ਸ਼ੁਰੂ ਹੋਇਆ ਇਹ ਰੋਸ ਮਾਰਚ ਕਮਲ ਸਿਨੇਮਾ ਨੇੜੇ ਰੋਸ ਰੈਲੀ ਮਗਰੋਂ ਖ਼ਤਮ ਹੋਇਆ। ਮਾਰਚ ਦੌਰਾਨ ਔਰਤਾਂ ਨੇ ਮਨੂੰਵਾਦ, ਮੋਦੀ, ਅਮਿਤ ਸ਼ਾਹ, ਸੀਏਏ, ਐੱਨਆਰਸੀ ਅਤੇ ਐੱਨਪੀਆਰ ਵਿਰੋਧੀ ਨਾਅਰੇ ਵੀ ਲਾਏ।
ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਸੀਏਏ, ਐੱਨਆਰਸੀ ਅਤੇ ਐੱਨਪੀਆਰ ਨੂੰ ਲੋਕ ਵਿਰੋਧੀ ਗਰਦਾਨਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ਼ ਮੁਸਲਮਾਨਾਂ ਖ਼ਿਲਾਫ਼ ਹੀ ਨਹੀਂ ਸਗੋਂ ਦੇਸ਼ ਅੰਦਰ ਧਾਰਮਿਕ ਘੱਟ-ਗਿਣਤੀਆਂ, ਮਿਹਨਤਕਸ਼ਾਂ ਅਤੇ ਦਲਿਤਾਂ ਵਿਰੋਧੀ ਵੀ ਹਨ। ਉਸ ਨੇ ਕਿਹਾ ਕਿ ਮੋਦੀ ਸਰਕਾਰ ਲੋਕ ਮਸਲੇ ਹੱਲ ਕਰਨ ਦੀ ਥਾਂ ਲੋਕਾਂ ਦਾ ਧਿਆਨ ਦੇਸ਼ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ ਤੋਂ ਲਾਂਭੇ ਕਰਨ ਲਈ ਸੀਏਏ, ਐੱਨਆਰਸੀ ਅਤੇ ਐੱਨਪੀਆਰ ਨੂੰ ਹੱਥਕੰਡੇ ਵਜੋਂ ਵਰਤ ਰਹੀ ਹੈ ਅਤੇ ਲੋਕ ਸਮੱਸਿਆਵਾਂ ਦੇ ਹੱਲ ਲਈ ਅਤੇ ਸੀਏਏ, ਐੱਨਆਰਸੀ ਤੇ ਐੱਨਪੀਆਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਆਵਾਜ਼ ਬੰਦ ਕਰਨ ਲਈ ਪੁਲੀਸ ਤਸ਼ੱਦਦ ਦਾ ਸਹਾਰਾ ਲੈ ਰਹੀ ਹੈ। ਦੇਸ਼ ਵਾਸੀਆਂ ਨੂੰ ਇਸ ਫ਼ਾਸ਼ੀਵਾਦੀ ਰੁਝਾਨ ਦਾ ਇੱਕਮੁੱਠ ਹੋ ਕੇ ਵਿਰੋਧ ਕਰਨਾ ਚਾਹੀਦਾ ਹੈ।ਦਿੱਲੀ ਯੂਨੀਵਰਸਿਟੀ ਦੀ ਕਾਨੂੰਨ ਵਿਭਾਗ ਦੀ ਵਿਦਿਆਰਥਣ ਸਵਾਤੀ ਖੰਨਾ ਨੇ ਕਿਹਾ ਕਿ ਸੀਏਏ, ਐੱਨਆਰਸੀ ਅਤੇ ਐੱਨਪੀਆਰ ਦਾ ਖਾਸਾ ਸਮੁੱਚੇ ਭਾਰਤੀਆਂ ਦੇ ਖ਼ਿਲਾਫ਼ ਹੈ। ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਹਰ ਇਨਸਾਫ਼ਪਸੰਦ ਵਿਅਕਤੀ ਨੂੰ ਡਟਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਸੀਏਏ, ਐੱਨਆਰਸੀ ਅਤੇ ਐੱਨਪੀਆਰ ਖ਼ਿਲਾਫ਼ ਪੂਰੇ ਦੇਸ਼ ਅੰਦਰ ਚੱਲ ਰਹੇ ਸੰਘਰਸ਼ ’ਚ ਔਰਤਾਂ ਦੀ ਵੱਡੀ ਸ਼ਮੂਲੀਅਤ ਚੰਗਾ ਸੰਕੇਤ ਹੈ। ਸਮਾਜਿਕ ਕਾਰਕੁਨ ਜ਼ੁਲੈਖਾਂ ਜ਼ਹੀਨ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਕਮ ਭਾਰਤ ਦੀ ਸਾਂਝੀ ਤਹਿਜ਼ੀਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਸੀਏਏ, ਐੱਨਆਰਸੀ ਅਤੇ ਐੱਨਪੀਆਰ ਦੇ ਮਾਮਲੇ ’ਚ ਦੇਸ਼ ਵਾਸੀਆਂ ਨੂੰ ਗੁਮਰਾਹ ਕਰ ਰਹੇ ਹਨ। ਭਾਰਤ ਵਾਸੀਆਂ ਨੂੰ ਦੇਸ਼ ਦਾ ਸੰਵਿਧਾਨ ਬਚਾਉਣ ਲਈ ਇਨ੍ਹਾਂ ਫ਼ਿਰਕੂ ਤਾਕਤਾਂ ਦਾ ਵਿਰੋਧ ਜਾਰੀ ਰੱਖਦੇ ਹੋਏ ਲੋਕ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ।
ਰੈਲੀ ਨੂੰ ਬੀਬੀ ਹਰਸ਼ਰਨ ਕੌਰ ਮੁਹਾਲੀ, ਤਾਨੀਆ ਤਬੱਸੁਮ, ਐਡਵੋਕੇਟ ਜ਼ਰਕਾ ਜ਼ਾਫ਼ਰੀ ਨੇ ਵੀ ਸੰਬੋਧਨ ਕੀਤਾ।