ਨਵੀਂ ਦਿੱਲੀ: ਇਸ ਦੌਰਾਨ ਨਿਰਭਯਾ ਦੇ ਪਿਤਾ ਨੇ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਵੱਲੋਂ ਚਾਰਾਂ ਦੋਸ਼ੀਆਂ ਨੂੰ ਮੁਆਫ਼ ਕਰ ਦੇਣ ਦੇ ਸੁਝਾਅ ਉੱਤੇ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਦਿਲ ਸੋਨੀਆ ਗਾਂਧੀ ਦੇ ਦਿਲ ਜਿੰਨਾ ਵਿਸ਼ਾਲ ਨਹੀਂ ਹੈ। ਜ਼ਿਕਰਯੋਗ ਹੈ ਕਿ ਜੈ ਸਿੰਘ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਉਹ ਨਿਰਭਯਾ ਦੀ ਮਾਂ ਦੇ ਦਰਦ ਨੂੰ ਪੂਰੀ ਤਰ੍ਹਾਂ ਮਹਿਸੂਸ ਕਰਦੀ ਹੈ ਅਤੇ ਉਨ੍ਹਾ ਨੂੰ ਅਪੀਲ ਕਰਦੀ ਹੈ ਕਿ ਉਹ ਸੋਨੀਆ ਗਾਂਧੀ ਵੱਲੋਂ ਪੈਦਾ ਕੀਤੀ ਮਿਸਾਲ ’ਤੇ ਚੱਲਣ ਜਿਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਕਾਤਲ ਨਲਿਨੀ ਨੂੰ ਮੁਆਫ਼ ਕਰ ਦਿੱਤਾ ਸੀ। ਇਸ ਦੇ ਨਾਲ ਹੀ ਜੈ ਸਿੰਘ ਨੇ ਕਿਹਾ ਸੀ ਕਿ ਉਹ ਪੀੜਤ ਪਰਿਵਾਰ ਦੇ ਨਾਲ ਹੈ ਪਰ ਉਹ ਮੌਤ ਦੀ ਸਜ਼ਾ ਦੇ ਵਿਰੁੱਧ ਹੈ। ਨਿਰਭਯਾ ਦੇ ਪਿਤਾ ਨੇ ਕਿਹਾ ਕਿ ਇਹ ਗਲਤ ਸੰਦੇਸ਼ ਹੈ ਅਤੇ ਉਹ ਖ਼ੁਦ ਔਰਤ ਹੈ। ਉਸ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਤੇ ਨਿਰਭਯਾ ਦੀ ਮਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ,‘ ਅਸੀਂ ਆਮ ਲੋਕ ਹਾਂ ਰਾਜਸੀ ਆਗੂ ਨਹੀਂ ਤੇ ਪਿਛਲੇ ਸੱਤ ਸਾਲ ਤੋਂ ਕੇਸ ਲੜ ਰਹੇ ਹਾਂ। ਇਸ ਤਰ੍ਹਾਂ ਦੇ ਵਿਚਾਰ ਹੀ ਨਿਰਭਯਾ ਦੀ ਮਾਂ ਦੇ ਸਨ।