ਮਹਿੰਗੀ ਬਿਜਲੀ ਬਾਰੇ ਨਾ ਬੋਲਣ ਦੇਣ ’ਤੇ ਵਿਰੋਧੀਆਂ ਵੱਲੋਂ ਵਾਕਆਊਟ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਵਿਸ਼ੇਸ਼ ਸਦਨ ਵਿਚ ਕੋਈ ਹੋਰ ਕੰਮਕਾਜ ਨਹੀਂ ਕੀਤਾ ਜਾਵੇਗਾ, ਜਿਸ ਦਾ ਆਮ ਆਦਮੀ ਪਾਰਟੀ ਨੇ ਡੱਟ ਕੇ ਵਿਰੋਧ ਕੀਤਾ ਤੇ ਨਾਅਰੇ ਲਾਉਂਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਮੂੰਹ ’ਤੇ ਕਾਲੇ ਕੱਪੜੇ ਬੰਨ੍ਹ ਕੇ ਵਾਕਆਊਟ ਕੀਤਾ।
‘ਆਪ’ ਵਿਧਾਇਕਾਂ ਨੇ ਮਹਿੰਗੀ ਬਿਜਲੀ ਦਾ ਮੁੱਦਾ ਸਦਨ ਦੇ ਅੰਦਰ ਤੇ ਬਾਹਰ ਉਠਾਇਆ। ਵਿਧਾਨ ਸਭਾ ਦੇ ਪ੍ਰਵੇਸ਼ ਦੁਆਰ ’ਤੇ ‘ਆਪ’ ਦੇ ਵਿਧਾਇਕਾਂ ਨੇ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਹੇਠ ਨਿੱਜੀ ਬਿਜਲੀ ਕੰਪਨੀਆਂ ਨਾਲ ਹੋਏ ਮਹਿੰਗੇ ਅਤੇ ਮਾਰੂ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਕਰਨ ਦੀ ਮੰਗ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਧਰਨਾ ਲਾਇਆ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸੂਬੇ ’ਚ ਲੋਟੂ ਬਿਜਲੀ ਮਾਫ਼ੀਆ ਪੈਦਾ ਕਰਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸੁਖਬੀਰ ਸਿੰਘ ਬਾਦਲ ਦੇ ਬਿਜਲੀ ਮਾਫ਼ੀਆ ਅੱਗੇ ਗੋਡੇ ਟੇਕਣ ਦੇ ਇਲਜ਼ਾਮ ਲਾਏ। ਇਸ ਮੌਕੇ ਇੱਕ ਪੁਤਲੇ ਰਾਹੀਂ ਪੰਜਾਬ ਦੇ ਲੋਕਾਂ ਨੂੰ ਪੀੜਤ ਦਿਖਾਇਆ ਗਿਆ ਜਦਕਿ ਟੈਡੀਬੀਅਰਾਂ ਨੂੰ ਕੈਪਟਨ ਅਤੇ ਸੁਖਬੀਰ ਬਾਦਲ ਦੇ ਨਕਾਬ ਪਾ ਕੇ ਨਿੱਜੀ ਬਿਜਲੀ ਕੰਪਨੀਆਂ ਦੇ ਹਮਾਇਤੀਆਂ ਵਜੋਂ ਪੇਸ਼ ਕੀਤਾ ਗਿਆ। ਬਾਅਦ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਮੀਤ ਹੇਅਰ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਨੇ ਪੁਤਲੇ ਅਤੇ ਨਕਾਬਪੋਸ਼ ਟੈਡੀਬੀਅਰਾਂ ਨਾਲ ਵਿਧਾਨ ਸਭਾ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਗੇਟ ’ਤੇ ਤਾਇਨਾਤ ਸੁਰੱਖਿਆ ਕਰਮੀਆਂ ਨੇ ‘ਆਪ’ ਵਿਧਾਇਕਾਂ ਨਾਲ ਧੱਕਾ-ਮੁੱਕੀ ਕੀਤੀ। ਜੱਦੋ-ਜਹਿਦ ਉਪਰੰਤ ‘ਆਪ’ ਵਿਧਾਇਕ ਵਿਧਾਨ ਸਭਾ ਅੰਦਰ ਦਾਖ਼ਲ ਹੋ ਸਕੇ।
‘ਆਪ’ ਵਿਧਾਇਕਾਂ ਨੇ ਅਮਨ ਅਰੋੜਾ ਵੱਲੋਂ ਬਿਜਲੀ ਕੰਪਨੀਆਂ ਦੇ ਪੀਪੀਏਜ਼ ਰੱਦ ਕਰਨ ਬਾਰੇ ਪੇਸ਼ ਕੀਤਾ ਧਿਆਨ ਦਿਵਾਊ ਮਤਾ ਰੱਦ ਕਰਨ ਦਾ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਕਰਦੇ ਹੋਏ ਵਾਕਆਊਟ ਕਰ ਗਏ। ਵਾਕਆਊਟ ਕਰਨ ਵਾਲੇ ਵਿਧਾਇਕਾਂ ’ਚ ਪ੍ਰਿੰਸੀਪਲ ਬੁੱਧ ਰਾਮ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ ਅਤੇ ਕੁਲਵੰਤ ਸਿੰਘ ਪੰਡੋਰੀ ਸ਼ਾਮਲ ਸਨ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਵਿਰੁੱਧ ਲਿਆਂਦੇ ਮਤੇ ਨੂੰ ਨਾ-ਮਨਜ਼ੂਰ ਕਰਨਾ ਅਤੇ ਅਕਾਲੀ-ਭਾਜਪਾ ਵੱਲੋਂ ਮੂਕ ਦਰਸ਼ਕ ਬਣੇ ਰਹਿਣ ਨੇ ਸਾਬਤ ਕਰ ਦਿੱਤਾ ਹੈ ਕਿ ਬਿਜਲੀ ਮਾਫ਼ੀਆ ਨੂੰ ਕਾਂਗਰਸੀ ਅਕਾਲੀ ਅਤੇ ਭਾਜਪਾ ਵਾਲੇ ਸ਼ਰੇਆਮ ਸਰਪ੍ਰਸਤੀ ਦੇ ਰਹੇ ਹਨ। ਕੈਪਟਨ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਅਤੇ ਮਹਿੰਗੀ ਬਿਜਲੀ ਬਾਰੇ ਵ੍ਹਾਈਟ ਪੇਪਰ ਲਿਆਉਣ ਦੇ ਐਲਾਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਜਿਹੜੇ ਮਰਜ਼ੀ ਰੰਗ ਦਾ ਪੇਪਰ ਲੈ ਆਉਣ ਪਰ ਲੋਕਾਂ ਨੂੰ ਬਿਨਾਂ ਦੇਰੀ ਸਸਤੀ ਬਿਜਲੀ ਮੁਹੱਈਆ ਕਰਵਾਈ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਵਾਕਆਊਟ ਕੀਤਾ।

Previous articleਮੁੰਬਈ ਬੰਬ ਧਮਾਕਿਆਂ ਦਾ ‘ਲਾਪਤਾ’ ਦੋਸ਼ੀ ਕਾਨਪੁਰ ਤੋਂ ਗ੍ਰਿਫ਼ਤਾਰ
Next articleਸੀਏਏ: ਕੇਰਲਾ ਸਰਕਾਰ ਤੋਂ ਰਿਪੋਰਟ ਮੰਗਾਂਗਾ: ਰਾਜਪਾਲ