ਮੰਡੀ ਕਲਾਂ ਨੂੰ ਨਗਰ ਪੰਚਾਇਤ ਤੋਂ ਗ੍ਰਾਮ ਪੰਚਾਇਤ ਬਣਾਉਣ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਵੱਲੋਂ ਰਾਮਪੁਰਾ ਮੌੜ ਸੜਕ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਰਮ ਸਿੰਘ ਰੋਮਾਣਾ, ਬਲਰਾਜ ਸਿੰਘ, ਸੁਖਦੇਵ ਸਿੰਘ ਢਿੱਲੋਂ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਹਾਕਮ ਸਿੰਘ, ਸੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਪਹਿਲਾਂ ਅਕਾਲੀ ਸਰਕਾਰ ਨੇ ਗਲਤ ਤੱਥਾਂ ਦੇ ਅਧਾਰ ’ਤੇ ਪਿੰਡ ਨੂੰ ਨਗਰ ਪੰਚਾਇਤ ਬਣਾ ਦਿੱਤਾ ਸੀ ਅਤੇ ਹੁਣ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਲੋਕ ਸਭਾ ਚੌਣਾਂ ਸਮੇਂ ਪਿੰਡ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਮੰਡੀ ਕਲਾਂ ਨੂੰ ਗ੍ਰਾਮ ਪੰਚਾਇਤ ਬਣਾ ਕੇ ਦੇਣਗੇ ਪਰ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਾਰਨ ਪਿੰਡ ਵਾਸੀਆਂ ਵੱਲੋਂ ਸੰਘਰਸ਼ ਸ਼ੁਰੂ ਕੀਤਾ ਗਿਆ ਜੋ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ।
ਧਰਨੇ ਵਿੱਚ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਲੈਣ ਲਈ ਨਾਇਬ ਤਹਿਸੀਲਦਾਰ ਪਹੁੰਚੇ ਜਿਨ੍ਹਾਂ ਨੂੰ ਧਰਨਾਕਾਰੀਆਂ ਨੇ ਆਪਣਾ ਮੰਗ ਪੱਤਰ ਦਿੱਤਾ ਅਤੇ ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਵਾਲਿਆਂ ਦੀ ਮੰਗ ਡੀਸੀ ਬਠਿੰਡਾ ਦੇ ਧਿਆਨ ਵਿੱਚ ਲਿਆ ਦੇਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਸਿਰਫ਼ 2 ਘੰਟਿਆਂ ਲਈ ਸੜਕ ਜਾਮ ਕੀਤੀ ਗਈ ਸੀ ਅਤੇ ਭਲਕੇ ਤੋਂ ਧਰਨਾ ਨਗਰ ਪੰਚਾਇਤ ਦਫ਼ਤਰ ਵਿਚ ਹੀ ਲਗਾਇਆ ਜਾਵੇਗਾ ਪਰ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਵੱਡੀ ਪੱਧਰ ’ਤੇ ਚਲਾਇਆ ਜਾਵੇਗਾ।
ਇਸ ਮੌਕੇ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ, ਮਹਿੰਦਰ ਸਿੰਘ ਪ੍ਰਧਾਨ ਨਗਰ ਪੰਚਾਇਤ, ਗੁਰਦੀਪ ਸਿੰਘ ਕੌਂਸਲਰ, ਕਾਲਾ ਸਿੰਘ, ਮਲਕੀਤ ਸਿੰਘ, ਜਗਰੂਪ, ਨੰਬਰਦਾਰ ਬੰਤਾ ਸਿੰਘ, ਲਾਭਾ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ ਢਿੱਲੋ, ਲੱਖਾ ਸਿੰਘ ਲਾਲੋ ਕਾ, ਦੀਪੂ ਐਮ ਆਦਿ ਆਗੂ ਹਾਜ਼ਰ ਸਨ।
INDIA ਨਗਰ ਪੰਚਾਇਤ ਨੂੰ ਚੱਲਦਾ ਕਰਨ ਲਈ ਰੋਕੀ ਸੜਕ