ਜਹਾਜ਼ ਹਾਦਸਾ ਮਾਮਲੇ ’ਚ ਇਰਾਨ ਵੱਲੋਂ ਗ੍ਰਿਫ਼ਤਾਰੀਆਂ

ਯੂਕਰੇਨੀ ਜਹਾਜ਼ ਦੇ ਇਰਾਨੀ ਮਿਜ਼ਾਈਲ ਨਾਲ ਤਬਾਹ ਹੋਣ ਦੇ ਮਾਮਲੇ ’ਚ ਇਰਾਨ ਨੇ ਗ੍ਰਿਫ਼ਤਾਰੀਆਂ ਦਾ ਐਲਾਨ ਕੀਤਾ ਹੈ। ਇਸ ਤ੍ਰਾਸਦੀ ਖ਼ਿਲਾਫ਼ ਮੁਲਕ ਵਿਚ ਮੁਜ਼ਾਹਰੇ ਹੋ ਰਹੇ ਹਨ। ਇਰਾਨ ਨੇ ਪਹਿਲਾਂ ਇਨਕਾਰ ਕਰਨ ਤੋਂ ਬਾਅਦ ਮੰਨਿਆ ਸੀ ਕਿ ਮਿਜ਼ਾਈਲ ਅਪਰੇਟਰ ਨੇ ਜਹਾਜ਼ ਨੂੰ ਕਰੂਜ਼ ਮਿਜ਼ਾਈਲ ਸਮਝਿਆ ਤੇ ਆਪਣੇ ਪੱਧਰ ’ਤੇ ਹੀ ਫਾਇਰ ਕਰ ਦਿੱਤਾ। ਟੈਲੀਵਿਜ਼ਨ ’ਤੇ ਕੀਤੀ ਮੀਡੀਆ ਕਾਨਫ਼ਰੰਸ ਵਿਚ ਨਿਆਂਪਾਲਿਕਾ ਨੇ ਕਿਹਾ ਕਿ ਗ੍ਰਿਫ਼ਤਾਰੀਆਂ ਹੋਈਆਂ ਹਨ। ਹਾਲਾਂਕਿ ਗਿਣਤੀ ਨਹੀਂ ਦੱਸੀ ਗਈ। ਮੁਲਕ ਦੇ ਅਧਿਕਾਰੀਆਂ ਨੇ ਕਿਹਾ ਕਿ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਤ੍ਰਾਸਦੀ ਲਈ ਜ਼ਿੰਮੇਵਾਰੀ ਹਰ ਕਿਸੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਰੂਹਾਨੀ ਨੇ ਕਿਹਾ ਕਿ ਉਹ ਆਪਣੇ ਪੱਧਰ ’ਤੇ ਯਕੀਨੀ ਬਣਾ ਰਹੇ ਹਨ ਕਿ ਗਲਤੀ ਕਰਨ ਜਾਂ ਲਾਪਰਵਾਹੀ ਵਰਤਣ ਵਾਲੇ ਨੂੰ ਕਾਨੂੰਨੀ ਘੇਰੇ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਬਟਨ ਦੱਬਣ ਵਾਲੇ ਦੀ ਹੀ ਸਾਰੀ ਗਲਤੀ ਨਹੀਂ ਕੱਢੀ ਜਾ ਸਕਦੀ। ਹੋਰ ਵੀ ਜ਼ਿੰਮੇਵਾਰ ਹਨ। ਰੂਹਾਨੀ ਨੇ ਦੁਹਰਾਇਆ ਕਿ ‘ਇਨ੍ਹਾਂ ਸਾਰੇ ਦੁੱਖਾਂ ਦੀ ਜੜ੍ਹ ਅਮਰੀਕਾ ਹੈ।’

Previous articleਇੱਕ ਹੋਰ ਬੈਂਕ ਲਈ ਰਾਸ਼ੀ ਕਢਵਾਉਣ ਦੀ ਸੀਮਾ ਤੈਅ
Next articleਮੁਜ਼ਾਹਰਿਆਂ ਲਈ ਵਿਰੋਧੀ ਧਿਰ ਦਾ ਏਕਾ ਅਹਿਮ: ਅਮਰਤਿਯਾ ਸੇਨ