ਖੇਤੀ ਮਾਹਿਰਾਂ ਨੇ ਹਾੜੀ ਦੀਆਂ ਫ਼ਸਲਾਂ ਦੇ ਭਰਪੂਰ ਝਾੜ ਦੀ ਹਾਮੀ ਭਰੀ
ਬਠਿੰਡਾ- ਇੱਥੇ ਸਵੇਰ ਤੋਂ ਪੈ ਰਹੀ ਭਰਵੀਂ ਬਾਰਸ਼ ਫ਼ਸਲਾਂ ਲਈ ਲਾਹੇਵੰਦ ਸਾਬਤ ਹੋਵੇਗੀ। ਮੀਂਹ ਨੇ ਕਣਕ ਦੀ ਸਿੰਜਾਈ ਦੀ ਜ਼ਰੂਰਤ ਪੂਰੀ ਕਰ ਦਿੱਤੀ ਹੈ। ਭਾਵੇਂ ਬਾਗ਼ਬਾਨੀ ਵਿਭਾਗ ਵੱਲੋਂ ਮੀਂਹ ਤੋਂ ਬਾਅਦ ਆਲੂ ਨੂੰ ਝੁਲਸ ਰੋਗ ਪੈਣ ਦੀ ਗੱਲ ਵੀ ਕਹੀ ਹੈ ਪਰ ਫੇਰ ਇਸ ਮੀਂਹ ਕਾਰਨ ਆਲੂ ਉਤਪਾਦਕਾਂ ਮੀਂਹ ਨੂੰ ਫ਼ਾਇਦੇ ਵਜੋਂ ਦੇਖ ਰਹੇ ਹਨ। ਪਿੰਡ ਮਹਿਮਾ ਸਰਜਾ ਦੇ ਕਿਸਾਨ ਜਗਦੇਵ ਸਿੰਘ ਤੇ ਮਲਕੋ ਦੇ ਕਿਸਾਨ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਮੀਂਹ ਨੇ ਕਿਸਾਨ ਦੀਆਂ ਆਸਾਂ ਨੂੰ ਬੂਰ ਲਾਇਆ ਹੈ ਇਸ ਵਾਰ ਆਲੂ ਦੇ ਰੇਟ ਵੀ ਮਨ ਤਸੱਲੀ ਦੇ ਰਹੇ ਹਨ । ਪਿੰਡ ਵਿਰਕ ਕਲਾਂ ਦੇ ਕਿਸਾਨ ਰੋਹਿਤ ਵਿਰਕ ਦਾ ਕਹਿਣਾ ਹੈ ਕਿ ਜੇਕਰ ਗੜਿਆਂ ਤੇ ਝੱਖੜ ਨੇ ਨੁਕਸਾਨ ਨਾ ਕੀਤਾ ਤਾਂ ਇਹ ਯਕੀਨਨ ਫ਼ਸਲ ਭਰਪੂਰ ਰਹੇਗੀ।
ਖੇਤੀਬਾੜੀ ਅਫਸਰ ਗੁਰਦਿੱਤਾ ਸਿੰਘ ਦਾ ਕਹਿਣਾ ਹੈ ਕਿ ਜ਼ਿਲ੍ਹੇ ’ਚ 6300 ਏਕੜ ਆਲੂ ਦੀ ਬੀਜਾਂਦ ਕੀਤੀ ਗਈ ਹੈ। ਉਨ੍ਹਾਂ ਸਲਾਹ ਕਿ ਭਰਵੇਂ ਮੀਂਹ ਤੋਂ ਬਚਣ ਲਈ ਆਲੂ ਪਾਲਕ ਨੀਵੇਂ ਖੇਤਰਾਂ ਵਿੱਚ ਬਾਰਸ਼ ਦੀ ਨਿਕਾਸੀ ਦਾ ਪ੍ਰਬੰਧ ਕਰ ਕੇ ਰੱਖਣ ਅਤੇ ਸਪਰੇਅ ਦੀ ਵਰਤੋਂ ਖੇਤੀ ਬਾੜੀ ਮਾਹਿਰਾਂ ਦੀ ਸਿਫਾਰਿਸ਼ ਮੁਤਾਬਕ ਹੀ ਕਰਨ। ਬਠਿੰਡਾ ਅਤੇ ਭੁੱਚੋ ਬਲਾਕ ਦੇ ਬਾਗ਼ਬਾਨੀ ਅਫ਼ਸਰ ਰੀਨਾ ਦਾ ਕਹਿਣਾ ਹੈ ਕਿ ਅੱਜ ਦੀ ਪੈ ਰਹੀ ਬਾਰਸ਼ ਦਾ ਆਲੂ ’ਤੇ ਕੋਈ ਅਸਰ ਨਹੀਂ ਸਗੋਂ ਫ਼ਾਇਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਾਲੇ ਤੱਕ ਆਲੂ ਨੂੰ ਕੋਈ ਬਿਮਾਰੀ ਨਹੀਂ ਪਰ ਮੀਂਹ ਤੋਂ ਬਾਅਦ ਪਿਛੇਤਾ ਝੁਲਸ ਰੋਗ ਪੈ ਸਕਦਾ ਹੈ ਜਿਸ ਲਈ ਕਿਸਾਨ ਆਲੂ ਦੀ ਫ਼ਸਲ ਤੇ ਇੰਡੋ ਫਿੱਲ ਐਮ.-45 ਦੀ ਸਪਰੇਅ 500 ਤੋਂ 700 ਗਰਾਮ ਪ੍ਰਤੀ ਏਕੜ ਕਰਨ ਜਾ ਫਿਰ ਕਵਚ ਸਪਰੇਅ ਕਰਨ ਦੀ ਸੁਲਾਹ ਵੀ ਦਿੱਤੀ।