ਸ੍ਰੀਨਗਰ- ਦਹਿਸ਼ਤਗਰਦਾਂ ਨੂੰ ਸਹਿਯੋਗ ਦੇਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਡੀਐੱਸਪੀ ਦਵਿੰਦਰ ਸਿੰਘ ਦੀ ਰਿਹਾਇਸ਼ ਦੀ ਅੱਜ ਪੁਲੀਸ ਨੇ ਮੁੜ ਤਲਾਸ਼ੀ ਲਈ ਹੈ। ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਦਵਿੰਦਰ ਦੀ ਇੰਦਰਾ ਨਗਰ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ। ਇਸ ਤੋਂ ਪਹਿਲਾਂ ਉਸ ਨੇ ਪੁੱਛਗਿੱਛ ਦੌਰਾਨ ਪੁਲੀਸ ਕੋਲ ਕੁਝ ਖ਼ੁਲਾਸੇ ਕੀਤੇ ਸਨ। ਰਿਹਾਇਸ਼ ਤੋਂ ਕੁਝ ਬਰਾਮਦ ਹੋਣ ਬਾਰੇ ਪੁਲੀਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਦੱਸਣਯੋਗ ਹੈ ਕਿ ਉੱਚ ਸੁਰੱਖਿਆ ਵਾਲੇ ਸ੍ਰੀਨਗਰ ਹਵਾਈ ਅੱਡੇ ’ਤੇ ਤਾਇਨਾਤ ਡੀਐੱਸਪੀ ਨੂੰ ਹਿਜ਼ਬੁਲ ਦੇ ਅਤਿਵਾਦੀ ਨਵੀਦ ਬਾਬੂ ਤੇ ਅਲਤਾਫ਼ ਨਾਲ ਸ਼ਨਿਚਰਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਪੁਲੀਸ ਅਫ਼ਸਰ ਇਨ੍ਹਾਂ ਨੂੰ ਕਾਰ ਵਿਚ ਸ੍ਰੀਨਗਰ ਤੋਂ ਦੱਖਣੀ ਕਸ਼ਮੀਰ ਲਿਜਾ ਰਿਹਾ ਸੀ। ਕਾਂਗਰਸ ਨੇ ਗ੍ਰਿਫ਼ਤਾਰ ਪੁਲੀਸ ਅਧਿਕਾਰੀ ਦੀ ਸੰਸਦ ਅਤੇ ਪੁਲਵਾਮਾ ਹਮਲਿਆਂ ਵਿਚ ਭੂਮਿਕਾ ’ਤੇ ਸਵਾਲ ਉਠਾਇਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ ‘ਦਵਿੰਦਰ ਸਿੰਘ ਕੌਣ ਹੈ? ਉਸ ਦੀ ਸੰਸਦ ’ਤੇ ਹਮਲੇ ਅਤੇ ਪੁਲਵਾਮਾ ਹਮਲੇ ’ਚ ਕੀ ਭੂਮਿਕਾ ਹੈ ? ਕੀ ਉਹ ਹਿਜ਼ਬੁਲ ਅਤਿਵਾਦੀਆਂ ਨੂੰ ਆਪਣੇ ਆਪ ਲਿਜਾ ਰਿਹਾ ਸੀ ਜਾਂ ਉਸ ਨੂੰ ਮੋਹਰੇ ਵਜੋਂ ਵਰਤਿਆ ਜਾ ਰਿਹਾ ਸੀ ਤੇ ਅਸਲੀ ਸਾਜ਼ਿਸ਼ਘਾੜੇ ਕੋਈ ਹੋਰ ਹਨ? ਕੀ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ?’ ਦੱਸਣਯੋਗ ਹੈ ਕਿ ਦਵਿੰਦਰ ਦਾ ਨਾਂ 2001 ’ਚ ਸੰਸਦ ਉੱਤੇ ਹੋਏ ਹਮਲੇ ਦੌਰਾਨ ਵੀ ਉੱਭਰਿਆ ਸੀ ਪਰ ਜਾਂਚ ਵਿਚ ਉਹ ਬਰੀ ਹੋ ਗਿਆ ਸੀ।
INDIA ਵਾਦੀ ’ਚ ਗ੍ਰਿਫ਼ਤਾਰ ਡੀਐੱਸਪੀ ਦੀ ਰਿਹਾਇਸ਼ ਦੀ ਮੁੜ ਤਲਾਸ਼ੀ