ਸੱਤਾ ਦੀ ਸਾਨੂੰ ਕੋਈ ਪਰਵਾਹ ਨਹੀਂ, ਲੋਕ ਸਾਡੇ ਫ਼ੈਸਲੇ ਤੋਂ ਖ਼ੁਸ਼ : ਪਰਮਿੰਦਰ

ਲਹਿਰਾਗਾਗਾ : ਸਾਨੂੰ ਪਾਰਟੀ ‘ਚੋਂ ਮੁਅੱਤਲ ਕੀਤੇ ਜਾਣ ਦੀ ਕੋਈ ਪਰਵਾਹ ਨਹੀਂ ਅਤੇ ਨਾ ਹੀ ਸਾਨੂੰ ਕੋਈ ਫ਼ਰਕ ਪੈਂਦਾ ਹੈ। ਜੋ ਕੁਝ ਅਸੀਂ ਕੀਤਾ ਹੈ, ਉਹ ਪਾਰਟੀ ਦੇ ਭਲੇ ਲਈ ਲਈ ਹੀ ਕੀਤਾ ਹੈ।

ਇਹ ਵਿਚਾਰ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਵਿਚੋਂ ਮੁਅੱਤਲੀ ਤੋਂ ਬਾਅਦ ਪਹਿਲੀ ਵਾਰ ਪੱਤਰਕਾਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੀ ਸੀ ਕਿ ਅਕਾਲੀ ਦਲ ‘ਚੋਂ ਸਹੀ ਗੱਲ ਕਰਨ ਵਾਲੇ ਨੂੰ ਕੱਢਿਆ ਹੀ ਜਾਂਦਾ ਹੈ। ਮਨਜੀਤ ਸਿੰਘ ਜੀਕੇ, ਸੇਵਾ ਸਿੰਘ ਸੇਖਵਾਂ ਇਸ ਗੱਲ ਦਾ ਸਬੂਤ ਹਨ। ਹੁਣ ਵੀ ਹਾਈਕਮਾਨ ਨੇ ਕਹਿ ਕਿ ਜ਼ਿਲ੍ਹੇ ‘ਚੋਂ ਮਤਾ ਪੁਆ ਕੇ ਸਾਨੂੰ ਮੁਅੱਤਲ ਕਰਵਾਇਆ ਹੈ ਪਰ ਵਰਕਰ ਅਤੇ ਪੰਜਾਬ ਦੇ ਲੋਕ ਸਾਡੇ ਨਾਲ ਹਨ। ਅਸੀਂ ਆਪਣੀ ਗੱਲ ਘਰ-ਘਰ ਲੈ ਕੇ ਜਾਵਾਂਗੇ।

ਅੱਜ ਦਾ ਜ਼ਮਾਨਾ ਹੀ ਅਜਿਹਾ ਹੋ ਗਿਆ ਹੈ, ਕਿ ਜੋ ਆਗੂ ਚਾਪਲੂਸੀ ਕਰਦੇ ਹਨ, ਉਹੀ ਸੱਤਾ ਵਿਚ ਆਉਂਦੇ ਹਨ। ਅਗਲੀ ਰਣਨੀਤੀ ਬਾਰੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਦਸ-ਪੰਦਰਾਂ ਦਿਨ ਵੇਖਦੇ ਹਾਂ ਅਤੇ ਇਕ ਸੋਚ ਵਾਲੇ ਲੋਕਾਂ ਨੂੰ ਪਹਿਲਾਂ ਇਕ ਮੰਚ ‘ਤੇ ਇਕੱਠੇ ਕੀਤਾ ਜਾਵੇਗਾ। ਉਸ ਤੋਂ ਬਾਅਦ ਅਗਲੀ ਰਣਨੀਤੀ ਬਾਰੇ ਵੀ ਸੋਚਿਆ ਜਾਵੇਗਾ।

ਉਨ੍ਹਾਂ ਨੂੰ ਜਦੋਂ ਪਾਰਟੀ ਤੋਂ ਵੱਖ ਹੋਣ ਦੇ ਅਸਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਅਸਰ ਪੈਂਦਾ ਹੈ ਜਾਂ ਨਹੀਂ। ਪਰ ਸੁਖਦੇਵ ਸਿੰਘ ਢੀਂਡਸਾ ਨੇ ਅਤੇ ਮੈਂ ਆਪਣੀ ਜ਼ਮੀਰ ਨਾਲ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋਈਆਂ ਗ਼ਲਤੀਆਂ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ੰਥ ਸਾਹਿਬ ਦੀਆਂ ਬੇਅਦਬੀਆਂ, ਲੋਕਤੰਤਰ ਦਾ ਵਪਾਰੀਕਰਨ, ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦੇਣ ਵਰਗੀਆਂ ਗ਼ਲਤੀਆਂ ਸਭ ਜਾਣਦੇ ਹਨ।

ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਕਿਸੇ ਦੀ ਮਲਕੀਅਤ ਨਹੀਂ। ਪਾਰਟੀ ‘ਚ ਸੋਚ ਤੇ ਸੱਚ ‘ਤੇ ਪਹਿਰਾ ਦੇਣ ਵਾਲਾ ਹੀ ਅਕਾਲੀ ਕਹਾ ਸਕਦਾ ਹੈ। ਅਸੀਂ ਅੰਦਰੋਂ ਅਕਾਲੀ ਹਾਂ, ਸਾਡੀ ਭਾਵਨਾ ਵੀ ਅਕਾਲੀ ਹੈ ਅਤੇ ਮਰਦੇ ਦਮ ਤਕ ਸਾਡੇ ਵਿਚ ਅਕਾਲੀ ਦਲ ਦੀ ਭਾਵਨਾ ਰਹੇਗੀ।

ਇਸ ਸਮੇਂ ਸੀਨੀਅਰ ਅਕਾਲੀ ਆਗੂ ਅਨਿਲ ਗਰਗ ਐਡਵੋਕੇਟ, ਛੱਜੂ ਸਿੰਘ ਪ੍ਰਧਾਨ ਕਾਲਬੰਜਾਰਾ, ਜਸਵੰਤ ਸਿੰਘ ਹੈਪੀ, ਗਗਨਦੀਪ ਸਿੰਘ ਬਜਾਜ, ਬਾਬਰਜੀਤ ਗਰੇਵਾਲ, ਗੁਰਸੰਤ ਸਿੰਘ ਭੁਟਾਲ ਵੀ ਉਨ੍ਹਾਂ ਨਾਲ ਸਨ।

Previous articleBengal parties lash out at Modi for making political speech from RKM platform
Next articleਸਾਰੇ ਸਕੂਲਾਂ ਦੇ ਸਿਲੇਬਸ ‘ਚ ਸ਼ਾਮਲ ਹੋਵੇ ਨੈਤਿਕ ਸਿੱਖਿਆ : ਚੱਠਾ