ਕਪੂਰਥਲਾ -ਰੇਲ ਕੋਚ ਫੈਕਟਰੀ ਵਿੱਚ ਨਿੱਜੀਕਰਨ, ਨਿਗਮੀਕਰਨ ਅਤੇ ਆਊਟਸੋਰਸਿੰਗ ਦਾ ਵਿਰੋਧ ਕਰ ਰਹੇ ਆਰਸੀਐੱਫ ਬਚਾਓ ਸੰਘਰਸ਼ ਕਮੇਟੀ ਦੇ ਆਗੂਆਂ ਤੇ ਆਰਸੀਐਫ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ ਅਤੇ ਚਾਰ ਅੰਦੋਲਨਕਾਰੀ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਜਦਕਿ ਅੱਠ ਮੁਲਾਜ਼ਮਾਂ ਨੂੰ ਚਾਰਜਸ਼ੀਟ ਅਤੇ ਛੇ ਹੋਰਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਸ ਕਾਰਵਾਈ ਦੇ ਵਿਰੋਧ ਵਿੱਚ ਆਰਸੀਐੱਫ ਬਚਾਓ ਸੰਘਰਸ਼ ਕਮੇਟੀ ਵੱਲੋਂ ਸਥਾਨਕ ਆਰ ਸੀ ਐੱਫ ਪ੍ਰਬੰਧਨ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਤਾਨਾਸ਼ਾਹੀ ਕਰਾਰ ਦਿੰਦੇ ਹੋਏ ਡਾ. ਭੀਮ ਰਾਓ ਅੰਬੇਡਕਰ ਚੌਕ ਰੇਲ ਕੋਚ ਫੈਕਟਰੀ ਵਰਕਸ਼ਾਪ ਦੇ ਮੁੱਖ ਗੇਟ ਅੱਗੇ ਅਤੇ ਪ੍ਰਬੰਧਕੀ ਬਲਾਕ ਦੇ ਬਾਹਰ ਸਰਵਜੀਤ ਸਿੰਘ, ਜਸਵੰਤ ਸਿੰਘ ਸੈਣੀ, ਰਾਮ ਰਤਨ ਸਿੰਘ ਆਦਿ ਦੀ ਅਗਵਾਈ ਹੇਠ ਜ਼ੋਰਦਾਰ ਧਰਨਾ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਸਕੱਤਰ ਸਰਵਜੀਤ ਸਿੰਘ, ਜਸਵੰਤ ਸਿੰਘ ਸੈਣੀ, ਰਾਮ ਰਤਨ ਸਿੰਘ, ਮਨਜੀਤ ਸਿੰਘ ਬਾਜਵਾ, ਰਾਜਬੀਰ ਸ਼ਰਮਾ, ਰਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਆਰਸੀਐੱਫ ਪ੍ਰਸ਼ਾਸਨ ਵੱਲੋਂ 9 ਜਨਵਰੀ ਨੂੰ ਨਿੱਜੀਕਰਨ ਅਤੇ ਨਿਗਮੀਕਰਨ ਵਿਰੁੱਧ ਸੰਘਰਸ਼ ਕਰ ਰਹੇ ਆਰਸੀਐੱਫ ਕਪੂਰਥਲਾ ਦੇ 17 ਕਰਮਚਾਰੀ ਅਤੇ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਚਿੱਤਰ ਸਿੰਘ, ਰਿਸ਼ੀਪਾਲ, ਭਰਤ ਰਾਜ ਅਤੇ ਤੇਜਿੰਦਰ ਸਿੰਘ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਹੈ ਜਦਕਿ ਸਰਵਜੀਤ ਸਿੰਘ, ਜਸਵੰਤ ਸਿੰਘ ਸੈਣੀ, ਰਾਮ ਰਤਨ ਸਿੰਘ, ਮਨਜੀਤ ਸਿੰਘ ਬਾਜਵਾ, ਰਾਜਬੀਰ ਸ਼ਰਮਾ ਅਤੇ ਰਜਿੰਦਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਅਰਵਿੰਦ ਕੁਮਾਰ, ਤਲਵਿੰਦਰ ਸਿੰਘ, ਕਿੱਕਰ ਸਿੰਘ, ਸੁਰਜੀਤ ਸਿੰਘ, ਮੁਕੰਦ ਸਿੰਘ, ਮੱਖਣ ਸਿੰਘ, ਅਨਿਲ ਕੁਮਾਰ ਅਤੇ ਅਰਵਿੰਦ ਸ਼ਾਹ ਨੂੰ ਚਾਰਜਸ਼ੀਟ ਜਾਰੀ ਕੀਤੀ ਗਈ ਹੈ। ਇਸ ’ਤੇ ਸਮੁੱਚੇ ਆਗੂਆਂ ਨੇ ਪ੍ਰਸ਼ਾਸਨ ਦੀਆਂ ਕਥਿਤ ਮਜ਼ਦੂਰ ਵਿਰੋਧੀ ਨੀਤੀਆਂ ਦੀ ਨਿੰਦਾ ਕਰਦਿਆਂ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਕੋਈ ਵੀ ਕੀਮਤ ਚੁਕਾਉਣੀ ਪਵੇ ਉਹ ਆਰਸੀਐੱਫ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ। ਅੱਜ ਦੇ ਰੋਸ ਪ੍ਰਦਰਸ਼ਨ ਅਤੇ ਗੇਟ ਮੀਟਿੰਗ ਵਿੱਚ ਪਰਮਜੀਤ ਸਿੰਘ ਖਾਲਸਾ, ਹਰੀਦੱਤ, ਮਨਜੀਤ ਸਿੰਘ ਬਾਜਵਾ, ਤਾਲਬ ਮੁਹੰਮਦ, ਆਰ ਸੀ ਮੀਨਾ, ਜੀਤ ਸਿੰਘ, ਜਗਦੀਸ਼ ਸਿੰਘ, ਰਮਨ ਜੈਨ, ਦਰਸ਼ਨ ਲਾਲ, ਜੈਪਾਲ ਫੋਗਾਟ, ਰਜਿੰਦਰ ਸਿੰਘ, ਮਯੰਕ ਭਟਨਾਗਰ, ਰਣਜੀਤ ਸਿੰਘ, ਦਲਜੀਤ ਸਿੰਘ ਬਾਜਵਾ, ਸੁਖਬੀਰ ਸਿੰਘ, ਰਣਜੀਤ ਸਿੰਘ, ਅਰਵਿੰਦ ਪ੍ਰਸ਼ਾਦ ਅਤੇ ਅਭਿਸ਼ੇਕ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।