ਚੰਡੀਗੜ੍ਹ ਕਾਂਗਰਸ ਪਾਰਟੀ ਨੇ ਪ੍ਰਧਾਨ ਪ੍ਰਦੀਪ ਛਾਬੜਾ ਦੀ ਅਗਵਾਈ ਹੇਠ ਅੱਜ ਮਨੀਮਾਜਰਾ ਵਿੱਚ ਦਿਨੋਂ-ਦਿਨ ਵਧ ਰਹੀ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸੀਆਂ ਨੇ ਭਾਰਤੀ ਜਨਤਾ ਪਾਰਟੀ ਉੱਤੇ ਹੱਲਾ ਬੋਲਦਿਆਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਦੌਰਾਨ ਸੰਬੋਧਨ ਕਰਦੇ ਹੋਏ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਝੂਠੇ ਲਾਰਿਆਂ ਅਤੇ ਵਾਦਿਆਂ ਨਾਲ ਸੱਤਾ ਵਿੱਚ ਆਈ ਭਾਜਪਾ ਸਰਕਾਰ ਨੇ ਗਰੀਬਾਂ ਦੇ ਮੂੰਹ ’ਚੋਂ ਦੋ ਵਕਤ ਦੀ ਰੋਟੀ ਵੀ ਖੋਹ ਲਈ ਹੈ। ਸਬਜ਼ੀਆਂ, ਦਾਲਾਂ, ਰਸੋਈ ਗੈਸ ਦੇ ਸਿਲੰਡਰ ਆਦਿ ਦੀਆਂ ਕੀਮਤਾਂ ਅਸਮਾਨੀ ਪਹੁੰਚ ਚੁੱਕੀਆਂ ਹਨ ਉਨ੍ਹਾਂ ਕਿਹਾ ਕਿ ਅੱਜ ਪਿਆਜ਼, ਲਸਣ ਤੇ ਅਦਰਕ ਆਦਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਬੇਲਗਾਮ ਹੋਣ ਦਾ ਕਾਰਨ ਸਿਰਫ਼ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਹਨ। ਉਨ੍ਹਾਂ ਕਿਹਾ ਕਿ ‘‘ਗਰੀਬ ਰੋਟੀ ਲਈ ਵੀ ਮੁਥਾਜ਼, ਮਹਿੰਗਾ ਹੋਇਆ ਲੱਸਣ-ਪਿਆਜ਼, ਮੋਦੀ ਤੇਰਾ ਕੈਸਾ ਰਾਜ।’’ ਉਨ੍ਹਾਂ ਭਾਜਪਾ ਆਗੂਆਂ ਉੱਤੇ ਵਰ੍ਹਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਵਿਚ ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਮਾਮੂਲੀ ਕੀਮਤਾਂ ਵਧਣ ’ਤੇ ਵੀ ਪਿਆਜ਼ ਤੇ ਸਬਜ਼ੀਆਂ ਦੇ ਹਾਰ ਗਲੇ ਵਿੱਚ ਪਾ ਕੇ ਸਿਰਾਂ ਉੱਤੇ ਸਿਲੰਡਰ ਰੱਖ ਕੇ ਪ੍ਰਦਰਸ਼ਨ ਕਰਨ ਵਾਲੇ ਭਾਜਪਾ ਆਗੂਆਂ ਦੇ ਮੂੰਹਾਂ ਉੱਤੇ ਹੁਣ ਤਾਲੇ ਕਿਉਂ ਲੱਗ ਗਏ ਹਨ। ਸ਼ਹਿਰ ਵਿਚ ਪਾਣੀ ਦੇ ਬਿੱਲ ਚਾਰ ਗੁਣਾ ਰੇਟ, ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ, ਪੈਟਰੋਲ ਦੇ ਵਧੇ ਰੇਟ ਆਦਿ ਮੋਦੀ ਸਰਕਾਰ ਦੇ ਮਹਿੰਗਾਈ ਘਟਾਉਣ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਮੋਦੀ ਸਰਕਾਰ ਨੇ ਦੇਸ਼ ਦੀ ਗਰੀਬ ਜਨਤਾ ਨਾਲ ਝੂਠ ਬੋਲਿਆ ਅਤੇ ਵਾਅਦਾਖਿਲਾਫ਼ੀ ਕੀਤੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਨੇ ਹੀ ਦੇਸ਼ ਵਿਚ ਬੇਰੁਜ਼ਗਾਰੀ ਨੇ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।
ਇਸ ਮੌਕੇ ਸੁਰਿੰਦਰ ਸਿੰਘ, ਗੁਰਚਰਨ ਦਾਸ ਕਾਲਾ, ਭੁਪਿੰਦਰ ਬਡਹੇੜੀ, ਗੁਰਬਖਸ਼ ਰਾਵਤ, ਦੀਪਾ ਦੂਬੇ, ਨੰਦਿਤਾ ਹੁੱਡਾ, ਭਜਨ ਕੌਰ, ਰਮੇਸ਼ ਅਹੁਜਾ, ਓਮ ਕਲਾ ਯਾਦਵ, ਯਾਦਵਿੰਦਰ ਮਹਿਤਾ, ਸੰਜੇ ਭਜਨੀ, ਹਰਮੇਸ ਕੇਸਰੀ, ਲਵਲੀ ਮਨਚੰਦਾ, ਰਾਜੀਵ ਮੌਦਗਿੱਲ, ਸੁਰਜੀਤ ਸਿੰਘ ਢਿੱਲੋਂ, ਫ਼ਤਹਿ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਬਾਵਾ, ਰਵੀ ਠਾਕੁਰ ਆਦਿ ਵੀ ਹਾਜ਼ਰ ਸਨ।
INDIA ਕਾਂਗਰਸੀਆਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਮੁਜ਼ਾਹਰਾ