ਰਾਜਬਾਲਾ ਦੂਜੀ ਵਾਰ ਬਣੀ ਚੰਡੀਗੜ੍ਹ ਦੀ ਮੇਅਰ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਮੇਅਰ ਦੇ ਅਹੁਦੇ ਲਈ ਭਾਜਪਾ ਦੀ ਉਮੀਦਵਾਰ ਰਾਜ ਬਾਲਾ ਮਲਿਕ ਨੇ ਕਾਂਗਰਸ ਦੀ ਉਮੀਦਵਾਰ ਗੁਰਬਖ਼ਸ਼ ਕੌਰ ਰਾਵਤ ਨੂੰ ਪਈਆਂ ਪੰਜ ਵੋਟਾਂ ਦੇ ਮੁਕਾਬਲੇ 22 ਵੋਟਾਂ ਲੈ ਕੇ ਬੁਰੀ ਤਰ੍ਹਾਂ ਹਰਾਇਆ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਰਵੀਕਾਂਤ ਸ਼ਰਮਾ ਨੇ ਕਾਂਗਰਸ ਦੀ ਉਮੀਦਵਾਰ ਸ਼ੀਲਾ ਫੂਲ ਸਿੰਘ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਉਮੀਦਵਾਰ ਜਗਤਾਰ ਸਿੰਘ ਜੱਗਾ ਨੇ ਵੀ ਕਾਂਗਰਸ ਦੀ ਰਵਿੰਦਰ ਕੌਰ ਗੁਜਰਾਲ ਨੂੰ ਪਈਆਂ ਪੰਜ ਵੋਟਾਂ ਦੇ ਮੁਕਾਬਲੇ 22 ਵੋਟਾਂ ਲੈ ਕੇ ਵੱਡੇ ਫ਼ਰਕ ਨਾਲ ਹਰਾਇਆ।
ਜ਼ਿਕਰਯੋਗ ਹੈ ਕਿ ਨਿਗਮ ਵਿੱਚ ਚੁਣੇ ਹੋਏ ਕੁੱਲ ਕੌਂਸਲਾਂ ’ਚੋਂ ਭਾਜਪਾ ਦੇ 20 ਕੌਂਸਲਰ ਤੇ ਸ਼੍ਰੋਮਣੀ ਅਕਾਲੀ ਦਲ ਦਾ ਇਕ ਕੌਂਸਲਰ ਹੈ। ਇਸ ਤੋਂ ਇਲਾਵਾ ਸਥਾਨਕ ਸੰਸਦ ਮੈਂਬਰ ਦੀ ਇੱਕ ਵੋਟ ਸਮੇਤ ਕੁੱਲ 22 ਵੋਟਾਂ ਹਨ। ਦੂਜੇ ਪਾਸੇ ਕਾਂਗਰਸ ਕੋਲ ਸਿਰਫ਼ ਪੰਜ ਕੌਂਸਲਰ ਹਨ। ਨਗਰ ਨਿਗਮ ਵਿੱਚ ਆਪਣੇ ਬਹੁਮਤ ਅਤੇ ਸੰਸਦ ਮੈਂਬਰ ਦੀ ਵੋਟ ਦੇ ਜ਼ੋਰ ਉੱਤੇ ਭਾਜਪਾ ਨੇ ਅੱਜ ਇੱਥੇ ਮੇਅਰ ਦੀਆਂ ਚੋਣਾਂ ਵਿੱਚ ਇਕਪਾਸੜ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ ਵਿੱਚ ਕੋਈ ਕਰਾਸ ਵੋਟਿੰਗ ਨਹੀਂ ਹੋਈ, ਜਦੋਂਕਿ ਭਾਜਪਾ ਨੂੰ ਇਹ ਡਰ ਸਤਾ ਰਿਹਾ ਸੀ। ਅੱਜ ਹੋਈ ਵੋਟਿੰਗ ਦੌਰਾਨ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਅੱਜ ਦੀਆਂ ਚੋਣਾਂ ਵਿੱਚ ਜੇਤੂ ਰਹੇ ਭਾਜਪਾ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਸ਼ਹਿਰ ਦੇ ਵਿਕਾਸ ਲਈ ਇੱਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ।
ਦੱਸਣਯੋਗ ਹੈ ਕਿ ਰਾਜਬਾਲਾ ਮਲਿਕ ਲਗਾਤਾਰ ਦੂਜੀ ਵਾਰ ਚੋਣ ਜਿੱਤ ਕੇ ਕੌਂਸਲਰ ਬਣੀ ਅਤੇ ਹੁਣ ਉਹ ਦੂਜੀ ਵਾਰ ਚੰਡੀਗੜ੍ਹ ਦੇ ਮੇਅਰ ਦਾ ਅਹੁਦਾ ਸੰਭਾਲਣ ਜਾ ਰਹੀ ਹੈ। ਇਸ ਤੋਂ ਪਹਿਲਾਂ ਉਹ ਵਾਰਡ ਨੰਬਰ-1 ਤੋਂ ਕਾਂਗਰਸੀ ਉਮੀਦਵਾਰ ਸਨ। ਪਹਿਲੀ ਵਾਰ ਉਹ 2013 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਮੇਅਰ ਦੀ ਚੋਣ ਜਿੱਤੇ ਸਨ। ਇਸ ਵਾਰ ਉਹ ਭਾਜਪਾ ਦੀ ਟਿਕਟ ’ਤੇ ਵਾਰਡ ਨੰਬਰ-2 ਤੋਂ ਚੋਣ ਜਿੱਤੇ ਸਨ ਅਤੇ ਹੁਣ ਉਨ੍ਹਾਂ ਨੂੰ ਦੂਜੀ ਵਾਰ ਮੇਅਰ ਦਾ ਅਹੁਦਾ ਸੰਭਾਲਣ ਦਾ ਮੌਕਾ ਮਿਲਿਆ ਹੈ। ਇਸ ਵਾਰ ਮੇਅਰ ਦੀ ਚੋਣ ਦੌਰਾਨ ਰਾਜਬਾਲਾ ਮਲਿਕ ਦੇ ਮੁਕਾਬਲੇ ’ਚ ਕਾਂਗਰਸ ਪਾਰਟੀ ਨੇ ਕੌਂਸਲਰ ਗੁਰਬਖ਼ਸ਼ ਕੌਰ ਰਾਵਤ ਨੂੰ ਮੈਦਾਨ ਵਿੱਚ ਉਤਾਰਿਆ ਸੀ। ਦੂਜੇ ਪਾਸੇ ਭਾਜਪਾ ਦੀ ਟਿਕਟ ’ਤੇ ਚੋਣ ਜਿੱਤ ਕੇ ਪਹਿਲੀ ਵਾਰ ਕੌਂਸਲਰ ਬਣੇ ਰਵੀਕਾਂਤ ਸ਼ਰਮਾ ਅੱਜ ਸੀਨੀਅਰ ਡਿਪਟੀ ਮੇਅਰ ਚੁਣੇ ਗਏ। ਸ੍ਰੀ ਸ਼ਰਮਾ ਪਿਛਲੇ ਅੱਠ ਸਾਲਾਂ ਤੋਂ ਭਾਜਪਾ ਦੇ ਜ਼ਿਲ੍ਹਾ-2 ਦੇ ਪ੍ਰਧਾਨ ਦੇ ਹਨ। ਇਸੇ ਤਰ੍ਹਾਂ ਭਾਜਪਾ ਦੇ ਦੀ ਜਗਤਾਰ ਸਿੰਘ ਜੱਗਾ ਨੇ ਡਿਪਟੀ ਮੇਅਰ ਦੀ ਚੋਣ ’ਚ ਕਾਂਗਰਸੀ ਉਮੀਦਵਾਰ ਰਵਿੰਦਰ ਕੌਰ ਗੁਜਰਾਲ ਨੂੰ ਹਰਾਇਆ।
ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਰਾਜਬਾਲਾ ਮਲਿਕ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਾਰੇ ਕੌਂਸਲਰਾਂ ਸਣੇ ਭਾਜਪਾ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਤੌਰ ਮੇਅਰ ਨਿਗਮ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਉਨ੍ਹਾਂ ਦਾ ਮੁੱਖ ਏਜੰਡਾ ਹੋਵੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਨੂੰ ਸਫ਼ਾਈ ਦੇ ਮਾਮਲੇ ਵਿੱਚ ਨੰਬਰ ਇੱਕ ’ਤੇ ਲਿਆਉਣਾ ਉਨ੍ਹਾਂ ਦਾ ਸੁਫ਼ਨਾ ਹੈ ਜਿਸ ਨੂੰ ਪੂਰਾ ਕਰਨ ਲਈ ਉਹ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਮੇਅਰ ਦਾ ਅਹੁਦਾ ਜ਼ਿੰਮੇਵਾਰੀਆਂ ਵਾਲਾ ਹੁੰਦਾ ਹੈ। ਉਨ੍ਹਾਂ ਵਿਰੋਧੀ ਧਿਰ ਦੇ ਕੌਂਸਲਰਾਂ ਦਾ ਵੀ ਧੰਨਵਾਦ ਕੀਤਾ ਅਤੇ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਭਾਵੇਂ ਕਿ ਮੇਅਰ ਦੀ ਕੁਰਸੀ ਉੱਤੇ ਉਹ ਬੈਠੀ ਹੈ ਪਰ ਸ਼ਹਿਰ ਦੀ ਬਿਹਤਰੀ ਲਈ ਅੱਜ ਤੋਂ ਹਰ ਕੌਂਸਲਰ ਆਪਣੇ-ਆਪ ਨੂੰ ਸ਼ਹਿਰ ਦਾ ਮੇਅਰ ਸਮਝੇ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਦੀਆਂ ਕਈ ਤਰਜੀਹਾਂ ਹਨ। ਉਹ ਆਪਣੇ ਕਾਰਜਕਾਲ ਦੌਰਾਨ ਨਿਗਮ ਦੇ ਹਾਊਸ ਦੀ ਮਰਿਆਦਾ ਨੂੰ ਕਿਸੇ ਵੀ ਹਾਲ ਵਿੱਚ ਘਟਣ ਨਹੀਂ ਦੇਣਗੇ। ਮੀਟਿੰਗਾਂ ਦੌਰਾਨ ਹਰ ਕੌਂਸਲਰ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਨਾਲ ਸਹਿਯੋਗ ਬਣਾ ਕੇ ਰੱਖਣਗੇ ਅਤੇ ਆਪਸੀ ਤਾਲਮੇਲ ਨਾਲ ਵਿਕਾਸ ਕਾਰਜਾਂ ਬਾਰੇ ਵਿਉਂਤਬੰਦੀ ਕੀਤੀ ਜਾਵੇਗੀ ਤਾਂ ਜੋ ਨਿਗਮ ਨੂੰ ਕਿਸੇ ਤਰ੍ਹਾਂ ਦੇ ਵਿੱਤੀ ਸੰਕਟ ਦਾ ਸਾਹਮਣਾ ਨਾ ਕਰਨਾ ਪਏ।

Previous articleਈਡੀ ਵੱਲੋਂ ਚੰਦਾ ਕੋਛੜ ਤੇ ਹੋਰਾਂ ਦੀ 78 ਕਰੋੜ ਦੀ ਜਾਇਦਾਦ ਜ਼ਬਤ
Next articleSea of humanity at ‘Tiranga rally’ in Hyderabad