ਜੇ ਐਨ ਯੂ ਦੇ ਵਿਦਿਆਰਥੀਆਂ ਤੇ ਖੂਨੀ ਹਮਲੇ ਦੀ ਸਮਤਾ ਸੈਨਿਕ ਦਲ ਨੇ ਕੀਤੀ ਨਿਖੇਧੀ

ਫੋਟੋ ਕੈਪਸ਼ਨ: ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਜਸਵਿੰਦਰ ਵਰਿਆਣਾ, ਬਲਦੇਵ ਰਾਜ ਭਾਰਦਵਾਜ ਅਤੇ ਦਲ ਦੇ ਹੋਰ ਆਗੂ.

ਜਲੰਧਰ (ਸਮਾਜ ਵੀਕਲੀ) : ਆਲ ਇੰਡੀਆ ਸਮਤਾ ਸੈਨਿਕ ਦਲ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਦੇ ਵਿਦਿਆਰਥੀਆਂ ਤੇ, ਕੈਂਪਸ ਦੇ ਅੰਦਰ ਜਾ ਕੇ ਫਿਰਕੂ ਤਾਕਤਾਂ ਵੱਲੋਂ ਦਿਨ ਦਿਹਾੜੇ ਲਾਠੀਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਖੂਨੀ ਹਮਲਾ ਕਰਨ ਦੀ ਸਖ਼ਤ ਨਿਖੇਧੀ ਕਰਦਾ ਹੈ. ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਕਿਹਾ ਕਿ ਜਿਥੇ ਦਲਿਤ, ਮੁਸਲਿਮ ਅਤੇ ਘੱਟ ਗਿਣਤੀਆਂ ਦੇ ਵਿਦਿਆਰਥੀ ਪੜ੍ਹਦੇ ਹਨ, ਉਨ੍ਹਾਂ ਯੂਨੀਵਰਿਸਟੀਆਂ ਵਿਚ ਵਿਦਿਆਰਥੀਆਂ ਤੇ ਫਿਰਕੂ ਜਥੇਬੰਦੀਆਂ ਅਤੇ ਗੁੰਡਾ ਗਰੋਹਾਂ ਦੁਆਰਾ ਯੋਜਨਾਬੱਧ ਢੰਗ ਨਾਲ ਹਮਲੇ ਕੀਤੇ ਜਾ ਰਹੇ ਹਨ. ਪਹਿਲਾਂ ਜਾਮੀਆ ਮਿਲੀਆ ਇਸਲਾਮੀਆ, ਫਿਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਹੁਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਹੈ.

ਜਸਵਿੰਦਰ ਵਰਿਆਣਾ ਨੇ ਚਿੰਤਾ ਪ੍ਰਗਟ ਕੀਤੀ ਕਿ ਜਦੋਂ ਗੁੰਡਾ ਗਰੋਹ ਜੇ ਐਨ ਯੂ ਦੇ ਵਿਦਿਆਰਥੀਆਂ ਤੇ ਖੂਨੀ ਹਮਲੇ ਕਰ ਰਹੇ ਸਨ ਤਾਂ ਪੁਲਸ ਮੂਕ ਦਰਸ਼ਕ ਬਣੀ ਹੋਈ ਸੀ ਅਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਵੀ ਕੋਈ ਕੋਈ ਕਾਰਵਾਈ ਨਹੀਂ ਕੀਤੀ. ਸਰਕਾਰ ਦੀਆਂ ਗ਼ਲਤ ਨੀਤੀਆਂ ਤੋਂ ਆਮ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਰੋਹਿਤ ਵੇਮੁਲਾ ਹਤਿਆ ਕਾਂਡ, ਭੀਮਾਂ ਕੋਰੇਗਾਓਂ, ਜੀ ਐਸ ਟੀ, ਸਰਜੀਕਲ ਸਟ੍ਰਾਈਕ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਰੋਕੂ) ਐਕਟ ਨੂੰ ਪਤਲਾ ਕਰਨ ਅਤੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਢਾਉਣ ਵਰਗੇ ਕਾਰੇ ਕੀਤੇ ਗਏ. ਸਾਡਾ ਭਾਰਤ ਦੇਸ਼ ਧਰਮ ਨਿਰਪੱਖ ਦੇਸ਼ ਹੈ. ਇਸ ਵਿਚ ਵੱਖ ਵੱਖ ਧਰਮਾਂ ਦੇ – ਹਿੰਦੂ, ਸਿੱਖ, ਈਸਾਈ, ਮੁਸਲਿਮ, ਪਾਰਸੀ, ਬੋਧੀ, ਜੈਨੀ ਲੋਕ ਰਹਿੰਦੇ ਹਨ. ਇਥੇ ਅਜਿਹੇ ਲੋਕ ਵੀ ਰਹਿੰਦੇ ਹਨ ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ. ਸਮਤਾ ਸੈਨਿਕ ਦਲ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਹੁਣ ਸੀ ਏ ਏ, ਐਨ ਪੀ ਆਰ ਅਤੇ ਐਨ ਆਰ ਸੀ ਵਰਗੇ ਕਾਨੂੰਨ ਲਾਗੂ ਕਰਕੇ ਦੇਸ਼ ਨੂੰ ਵੰਡਣ ਅਤੇ ਆਰ ਐਸ ਐਸ ਦੇ ਏਜੰਡੇ ਅਨੁਸਾਰ ਹਿੰਦੂ-ਰਾਜ ਸਥਾਪਤ ਕਰਨ ਦੇ ਯਤਨ ਕਰ ਰਹੀ ਹੈ. ਵਰਿਆਣਾ ਨੇ ਕਿਹਾ ਕਿ ਆਲ ਇੰਡੀਆ ਸਮਤਾ ਸੈਨਿਕ ਦਲ ਇਸਦਾ ਡੱਟ ਕੇ ਵਿਰੋਧ ਕਰਦਾ ਹੈ. ਇਸ ਮੌਕੇ ਵਰਿੰਦਰ ਕੁਮਾਰ, ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਕੁਲਦੀਪ ਭੱਟੀ ਅਤੇ ਤਿਲਕ ਰਾਜ ਹਾਜ਼ਰ ਸਨ.

 

Previous articleMore snow in store for Himachal
Next articleजे एन यू के छात्रों पर हमले की समता सैनिक दल ने की निंदा