ਨਾਗਰਿਕਤਾ ਸੋਧ ਕਾਨੂੰਨ ਹਰ ਹਾਲ ਵਿਚ ਲਾਗੂ ਹੋਵੇਗਾ: ਸ਼ਿਵਰਾਜ ਚੌਹਾਨ

ਲੁਧਿਆਣਾ- ਇੱਥੇ ਭਾਜਪਾ ਕੋਰ ਕਮੇਟੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਪੁੱਜੇ ਭਾਜਪਾ ਦੇ ਮੀਤ ਪ੍ਰਧਾਨ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤਾ ਗਿਆ ਨਾਗਰਿਕਤਾ ਸੋਧ ਕਾਨੂੰਨ ਦੇਸ਼ ਵਿਚ ਹਰ ਹਾਲਤ ’ਚ ਲਾਗੂ ਹੋਵੇਗਾ ਤੇ ਇਸ ਵਿਚ ਤਬਦੀਲੀ ਦੀ ਕੋਈ ਗੁੰਜਾਇਸ਼ ਨਹੀਂ ਹੈ।
ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕਾਂਗਰਸ ਵੱਲੋਂ ਦੇਸ਼ ਨੂੰ ਅੱਗ ਦੀ ਭੱਠੀ ਵਿਚ ਧੱਕਣ ਲਈ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਕੋਲ ਹੋਰ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਬਾਰੇ ਗ਼ਲਤ ਫਹਿਮੀਆਂ ਪੈਦਾ ਕਰਨ ਲਈ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਲਾਤ ਖ਼ਰਾਬ ਕਰਨ ਲਈ ਹਿੰਸਾ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬਣਨ ਦੇ ਸ਼ੁਰੂ ਵਿਚ ਕੁਝ ਥਾਵਾਂ ’ਤੇ ਹਿੰਸਾ ਜ਼ਰੂਰ ਹੋਈ ਸੀ ਪਰ ਦੇਸ਼ ਦੀ ਜਨਤਾ ਨੂੰ ਹੁਣ ਇਸ ਕਾਨੂੰਨ ਦੇ ਅਸਲ ਮਾਅਨਿਆਂ ਬਾਰੇ ਪਤਾ ਲੱਗ ਰਿਹਾ ਹੈ।
ਸ੍ਰੀ ਚੌਹਾਨ ਨੇ ਕਿਹਾ ਕਿ ਗੁਰਦੁਆਰਾ ਨਨਕਾਣਾ ਸਾਹਿਬ ’ਤੇ ਹੋਏ ਪਥਰਾਅ ਅਤੇ ਸਿੱਖਾਂ ਉੱਪਰ ਹੋ ਰਹੇ ਹਮਲਿਆਂ ਦੀ ਤਾਜ਼ਾ ਘਟਨਾ ਨਾਲ ਸਮੁੱਚੇ ਦੇਸ਼ ਵਾਸੀਆਂ ਦੇ ਮਨਾਂ ਵਿਚ ਰੋਸ ਹੈ। ਉਨ੍ਹਾਂ ਇਸ ਸਬੰਧੀ ਸੋਨੀਆ ਗਾਂਧੀ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਧਾਰੀ ਚੁੱਪੀ ’ਤੇ ਸਵਾਲ ਖੜ੍ਹੇ ਕੀਤੇ। ਸ੍ਰੀ ਚੌਹਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਨ੍ਹਾਂ ਨੂੰ ਕਿਸੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਅਤੇ ਇਹ ਕਾਨੂੰਨ ਪੰਜਾਬ ਵਿਚ ਵੀ ਲਾਗੂ ਹੋਵੇਗਾ ਕਿਉਂਕਿ ਇਸ ਨੂੰ ਸੰਸਦ ਵਿਚ ਪਾਸ ਕੀਤਾ ਗਿਆ ਹੈ ਅਤੇ ਸੰਸਦ ਵਿਚ ਪਾਸ ਹਰ ਕਾਨੂੰਨ ਨੂੰ ਹਰ ਰਾਜ ਵਿਚ ਲਾਗੂ ਕਰਨਾ ਲਾਜ਼ਮੀ ਹੁੰਦਾ ਹੈ। ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਪੂਰੀ ਤਿਆਰੀ ਨਾਲ ਚੋਣਾਂ ਲੜ ਕੇ ਜਿੱਤ ਪ੍ਰਾਪਤ ਕਰੇਗੀ ਅਤੇ ਆਪਣੀ ਸਰਕਾਰ ਬਣਾਏਗੀ। ਮੱਧ ਪ੍ਰਦੇਸ਼ ਵਿੱਚ ਸਿੱਖਾਂ ਨੂੰ ਉਜਾੜਨ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿਚ ਮਾਫ਼ੀਏ ਦਾ ਰਾਜ ਹੈ। ਇਸ ਮੌਕੇ ਸੂਬਾਈ ਪ੍ਰਧਾਨ ਸ਼ਵੇਤ ਮਲਿਕ, ਪ੍ਰਵੀਨ ਬਾਂਸਲ, ਜਤਿੰਦਰ ਮਿੱਤਲ ਹਾਜ਼ਰ ਸਨ।

Previous articleਜਥੇਦਾਰ ਵੱਲੋਂ ਸਿੱਖਾਂ ਦੇ ਅਸੁਰੱਖਿਅਤ ਹੋਣ ਬਾਰੇ ਟਿੱਪਣੀ ਚਿੰਤਾਜਨਕ: ਕੈਪਟਨ
Next articleਕੈਨੇਡਾ ਵਿਚ ਕਰਵਾਇਆ ਗਿਆ ਪਹਿਲਾ ਵਿਸ਼ੇਸ਼ ਸੈਮੀਨਾਰ “ਸਿੱਖੀ ਪ੍ਰਫੁੱਲਤ ਕਿਵੇਂ ਹੋਵੇ”?