ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਪੀ ਚਿਦੰਬਰਮ ਨੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐੱਨਆਰਸੀ) ਮੁਲਕ ਨੂੰ ਵੰਡਣ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਐੱਨਆਰਸੀ-ਸੀਏਏ-ਐੱਨਪੀਆਰ ਲਾਗੂ ਕਰਕੇ ਆਰਐੱਸਐੱਸ-ਭਾਜਪਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ। ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਨੂੰ ਵਿਤਕਰੇ ਵਾਲਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ’ਚ ਸਿਰਫ਼ ਤਿੰਨ ਗੁਆਂਢੀ ਮੁਲਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਸ੍ਰੀਲੰਕਾ, ਮਿਆਂਮਾਰ ਅਤੇ ਭੂਟਾਨ ਨੂੰ ਕੋਈ ਤਰਜੀਹ ਨਹੀਂ ਦਿੱਤੀ ਗਈ ਹੈ। ਇਸ ਦੇ ਨਾਲ ਮੁਸਲਮਾਨਾਂ ਸਮੇਤ ਕੁਝ ਘੱਟ ਗਿਣਤੀਆਂ ਨੂੰ ਵੀ ਇਸ ਦੇ ਘੇਰੇ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐੱਨਆਰਸੀ ਲਾਗੂ ਹੋਣ ’ਤੇ ਮੁਸਲਮਾਨਾਂ ਨੂੰ ਗ਼ੈਰਕਾਨੂੰਨੀ ਪਰਵਾਸੀ ਕਰਾਰ ਦਿੱਤਾ ਜਾਵੇਗਾ ਜਿਸ ਕਾਰਨ ਮੁਲਕ ਦੇ ਮੁਸਲਮਾਨਾਂ ’ਚ ਖ਼ੌਫ਼ ਦਾ ਮਾਹੌਲ ਬਣਿਆ ਹੋਇਆ ਹੈ। ਸਾਬਕਾ ਕੇਂਦਰੀ ਮੰਤਰੀ ਨੇ ਸਪੱਸ਼ਟ ਕੀਤਾ ਕਿ 2010 ਦੇ ਕੌਮੀ ਆਬਾਦੀ ਰਜਿਸਟਰ ਅਤੇ 2020 ਦੇ ਐੱਨਪੀਆਰ ’ਚ ਬਹੁਤ ਫਰਕ ਹੈ ਅਤੇ ਆਸਾਮ ’ਚ ਐੱਨਆਰਸੀ ਦੇ ਨਾਕਾਮ ਰਹਿਣ ਮਗਰੋਂ ਇਸ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਇਸੇ ਕਾਰਨ ਹਜ਼ਾਰਾਂ ਲੋਕ ਖਾਸ ਕਰਕੇ ਵਿਦਿਆਰਥੀ ਸੜਕਾਂ ’ਤੇ ਹਨ ਤਾਂ ਜੋ ਮਹਾਤਮਾ ਗਾਂਧੀ, ਜਵਾਹਰਲਾਲ ਨਹਿਰੂ ਅਤੇ ਬਾਬਾਸਾਹੇਬ ਅੰਬੇਦਕਰ ਵੱਲੋਂ ਦਿੱਤੇ ਗਏ ਸੰਵਿਧਾਨ ਦੀ ਰਾਖੀ ਕੀਤੀ ਜਾ ਸਕੇ।
HOME ਐੱਨਆਰਸੀ ਮੁਲਕ ਨੂੰ ਵੰਡਣ ਦੀ ਸਾਜ਼ਿਸ਼: ਚਿਦੰਬਰਮ