ਪਰਮਿੰਦਰ ਢੀਂਡਸਾ ਦਾ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਵਜੋਂ ਅਸਤੀਫ਼ਾ

ਚੰਡੀਗੜ੍ਹ– ਸ਼੍ਰੋਮਣੀ ਅਕਾਲੀ ਦਲ ਵਿਧਾਇਕ ਪਾਰਟੀ ਦੇ ਆਗੂ ਵਜੋਂ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜ ਦਿੱਤਾ ਤੇ ਪ੍ਰਧਾਨ ਨੇ ਅਸਤੀਫ਼ਾ ਪ੍ਰਵਾਨ ਕਰਨ ਤੋਂ ਬਾਅਦ ਸਾਹਨੇਵਾਲ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੂੰ ਵਿਧਾਇਕ ਪਾਰਟੀ ਦਾ ਨੇਤਾ ਥਾਪ ਦਿੱਤਾ ਹੈ। ਸ੍ਰੀ ਢੀਂਡਸਾ ਵੱਲੋਂ ਭੇਜੇ ਸੰਖੇਪ ਅਸਤੀਫ਼ਾ ਪੱਤਰ ਵਿੱਚ ਕੋਈ ਕਾਰਨ ਨਹੀਂ ਦੱਸਿਆ ਗਿਆ। ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫ਼ੇ ਨਾਲ ਬਾਦਲਾਂ ਅਤੇ ਸੁਖਦੇਵ ਸਿੰਘ ਢੀਂਡਸਾ ਦਰਮਿਆਨ ਚਲਦੀ ਖਿੱਚੋਤਾਣ ਵਧਣ ਦੇ ਆਸਾਰ ਹਨ। ਸੁਖਦੇਵ ਸਿੰਘ ਢੀਂਡਸਾ ਵੱਲੋਂ ਪਿਛਲੇ ਇੱਕ ਸਾਲ ਦੇ ਵੀ ਵੱਧ ਸਮੇਂ ਤੋਂ ਬਾਦਲਾਂ ਦੇ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ ਤੇ ਛੋਟੇ ਢੀਂਡਸਾ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਦਾ ਅੰਦਰੂਨੀ ਸੰਕਟ ਹੀ ਨਹੀਂ ਵਧਿਆ ਸਗੋਂ ਵੱਡੇ ਢੀਂਡਸਾ ਵੱਲੋਂ ਅਖ਼ਤਿਆਰ ਕੀਤੇ ਰਸਤੇ ਨੂੰ ਬਲ ਮਿਲਿਆ ਹੈ। ਪਰਮਿੰਦਰ ਸਿੰਘ ਢੀਂਡਸਾ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਤੋਂ ਬਾਹਰ ਹੀ ਹਨ ਤੇ ਉਨ੍ਹਾਂ ਦਾ ਅਕਾਲੀ ਦਲ ਦੇ ਸਾਰੇ ਨੇਤਾਵਾਂ ਨਾਲੋਂ ਸੰਪਰਕ ਟੁੱਟਿਆ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ, ਖਾਸ ਕਰ ਬਾਦਲ ਪਰਿਵਾਰ ਨੇ ਭਾਵੇਂ ਪਿਛਲੇ ਡੇਢ ਕੁ ਮਹੀਨੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੀਆਂ ਮੁੱਖ ਧਾਰਾ ’ਚ ਆਉਣ ਦੀਆਂ ਸੰਭਾਵਨਾਵਾਂ ਰੱਦ ਕਰ ਦਿੱਤੀਆਂ ਸਨ ਪਰ ਬਾਦਲਾਂ ਨੂੰ ਇਹ ਵੀ ਅੰਦਾਜ਼ਾ ਨਹੀਂ ਸੀ ਕਿ ਛੋਟੇ ਢੀਂਡਸਾ ਆਪਣੇ ਪਿਤਾ ਦਾ ਰਸਤਾ ਅਖ਼ਤਿਆਰ ਕਰਦੇ ਹੋਏ ਪਾਰਟੀ ਨੂੰ ਨਮੋਸ਼ੀ ਵੱਲ ਧੱਕ ਜਾਣਗੇ। ਲੰਘੇ ਦਸੰਬਰ ਮਹੀਨੇ ਤੋਂ ਹੀ ਜਦੋਂ ਵੱਡੇ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਟਕਸਾਲੀ ਅਕਾਲੀ ਦਲ ਦੀ ਸਟੇਜ ਤੋਂ ‘ਬਾਗੀਆਂ’ ਨੂੰ ਸੰਬੋਧਨ ਕੀਤਾ ਸੀ ਤਾਂ ਛੋਟੇ ਢੀਂਡਸਾ ਨੇ ਪਾਰਟੀ ਦੀਆਂ ਸਰਗਰਮੀਆਂ ਤੋਂ ਟਾਲਾ ਵੱਟ ਲਿਆ ਸੀ।

Previous articleਹਾਕਮ ’47 ਦੀ ਵੰਡ ਜਿਹਾ ਮਾਹੌਲ ਸਿਰਜ ਰਹੇ ਨੇ: ਖ਼ਾਲਿਦ
Next articleSoleimani’s killing will ‘aggravate’ situation: Russia