(ਸਮਾਜ ਵੀਕਲੀ)
ਜਗੀਰ ਸਿਹੁੰ ਦੇ ਸਾਰੇ ਘਰ ਵਿੱਚ ਚਹਿਲ ਪਹਿਲ ਸੀ। ਵੱਡੇ ਤੜਕੇ ਤੋਂ ਹੀ ਹਲਵਾਈ ਇੱਕ ਕੋਨੇ ਵਿੱਚ ਪਕਵਾਨ ਬਣਾ ਰਹੇ ਸਨ। ਊਂ ਘਰ ਵਿੱਚ ਚਿੱਟੀ ਕਨਾਤ ਲੱਗੀ ਹੋਈ ਸੀ। ਅੱਜ ਨੱਥੇ ਬਾਬੇ ਦਾ ਵੱਡਾ ਸੀ। ਪੂਰੇ ਦਸ ਦਿਨ ਹੋ ਗਏ ਸਨ ਉਸ ਨੂੰ ਪੂਰੇ ਹੋਏ ਨੂੰ। ਵੱਡੇ ਸਾਰੇ ਵਿਹੜੇ ਵਿੱਚ ਦਰੀਆਂ ਵਿਛੀਆਂ ਹੋਈਆਂ ਸਨ। ਇੱਕ ਪਾਸੇ ਚਾਹ ਪਾਣੀ ਖ਼ਾਤਰ ਟੇਬਲ ਲੱਗੇ ਹੋਏ ਸਨ। ਰਿਸ਼ਤੇਦਾਰਾਂ ਨੂੰ ਦੇਣ ਲਈ ਜਲੇਬੀਆਂ ਕੱਲ੍ਹ ਹੀ ਕੱਢ ਲਈਆਂ ਸਨ।ਉਹ ਤਾਂ ਰਾਤ ਹੀ ਮੁੰਡਿਆਂ ਨੇ ਲਿਫ਼ਾਫ਼ਿਆਂ ਵਿੱਚ ਪਾ ਕੇ ਰੱਖ ਦਿੱਤੀਆਂ ਸਨ।
ਨੌਂ ਕੁ ਵਜੇ ਬੁੜੀਆਂ ਦੂਰੋਂ ਹੀ ਕੀਰਨੇ ਪਾਉਂਦੀਆਂ ਆਉਣ ਲੱਗੀਆਂ। ਦਰੀਆਂ ਤੇ ਬੈਠ ਕੇ ਇੱਕ ਅੱਧਾ ਮਿੰਟ ਇੱਕ ਦੂਜੇ ਦੇ ਗਲ਼ ਮਿਲਕੇ,ਝੂਠ ਮੂਠ ਦੇ ਰੋਣ ਦੀਆਂ ਉੱਚੀਆਂ ਉੱਚੀਆਂ ਕੀਰਨਿਆਂ ਦੀਆਂ ਹੇਕਾਂ ਲਾ ਕੇ ਇੱਕ ਪਾਸੇ ਨੂੰ ਹੋ ਕੇ ਬੈਠ ਜਾਂਦੀਆਂ ਤਾਂ ਘਰਦਿਆਂ ਚੋਂ ਕੋਈ ਆ ਕੇ ਨੀਵਾਂ ਜਿਹਾ ਹੋ ਕੇ ਹੱਥ ਬੰਨ੍ਹ ਕੇ ਚਾਹ ਪੀਣ ਦੀ ਬੇਨਤੀ ਕਰਦਾ ਤਾਂ ਉਹ ਚਾਹ ਪਾਣੀ ਪੀਣ ਲੱਗਦੀਆਂ। ਜਦ ਨੂੰ ਹੋਰ ਰਿਸ਼ਤੇਦਾਰੀ ਚੋਂ ਬੁੜੀਆਂ ਆ ਜਾਂਦੀਆਂ। ਪਹਿਲੀਆਂ ਚਾਹ ਪੀ ਕੇ ਦਰੀਆਂ ਤੇ ਬੈਠ ਜਾਂਦੀਆਂ ਤੇ ਇਧਰ ਉਧਰ ਦੀਆਂ ਗੱਲਾਂ ਮਾਰਦੀਆਂ,ਇੰਝ ਲੱਗਦਾ ਜਿਵੇਂ ਉਹ ਮਰਨੇ ਤੇ ਨਹੀਂ ਸਗੋਂ ਕਿਸੇ ਖੁਸ਼ੀ ਦੇ ਸਮਾਗਮ ਤੇ ਆਈਆਂ ਹੋਣ।
ਨਵੀਆਂ ਆਉਣ ਵਾਲੀਆਂ ਬੁੜੀਆਂ ਨੂੰ ਰੋਣ ਤੋਂ ਰੋਕਣ ਲਈ ਕੋਈ ਨਾ ਕੋਈ ਵਿੱਚੋਂ ਹੀ ਆਖਦੀ ,”ਸੁੱਖ ਨਾਲ ਰੋਣਾ ਕਾਹਤੋਂ ਆ ਭਾਈ…… ਕਰਮਾਂ ਵਾਲਾ ਸੀ ਨੱਥਾ ਸਿਹੁੰ…….ਐਡੇ ਭਰੇ ਪਰਿਵਾਰ ਨੂੰ ਛੱਡ ਕੇ ਗਿਆ ਪਿੱਛੇ…..। ” ਜਦ ਨੂੰ ਹੋਰ ਬੋਲਦੀ,” ਰੋਵੋ ਨਾ ਭਾਈ ….ਖਾ ਹੰਢਾ ਕੇ ਗਿਆ ਸੁੱਖ ਨਾਲ……ਗਾਂਹ ਆਲ਼ਿਆਂ ਦੀ ਵੀ ਖੈਰ ਮਨਾਉਣੀ ਐ…..।” ਹੋਰ ਬੋਲਦੀ,”ਊਂ ਚਾਹ ਪਾਣੀ ਤਾਂ ਸੋਹਣਾ…. ਪਕੌੜੇ ਥੋੜੇ ਜਿਹੇ ਕੱਚੇ ਲੱਗੇ ਮੈਨੂੰ….. ਰੋਟੀ ਚ ਪਤਾ ਨੀ ਕੀ ਹੋਊ……।” ਇੱਕ ਹੋਰ ਬੋਲੀ,” ਅਸੀਂ ਤਾਂ ਸਾਡੇ ਬਾਪੂ ਜੀ ਵੇਲੇ ਪਕੌੜੇ ਵੀ ਤਿੰਨ ਕਿਸਮਾਂ ਦੇ ਬਣਵਾਏ ਸੀ…. ਬਰਫ਼ੀ ਵੀ ਦੋ ਕਿਸਮ ਦੀ ਸੀ……!”
ਜਦ ਨੂੰ ਕੋਈ ਪਿੰਡ ਦਾ ਬੰਦਾ ਈ ਆ ਕੇ ਕਹਿੰਦਾ ,”ਭਾਈ ਗੁਰਦੁਆਰੇ ਕੀਰਤਨ ਸ਼ੁਰੂ ਹੋ ਗਿਆ……. ਜਿਹੜੇ ਚਾਹ ਪਾਣੀ ਪੀ ਜਾਂਦੇ ਆ…….ਉਹ ਗੁਰਦੁਆਰੇ ਜਾ ਕੇ ਬੈਠਣਾ ਸ਼ੁਰੂ ਕਰੋ…..।”
ਬੁੜੀਆਂ ਦੀ ਬੀਹੀ ਭਰੀ ਹੋਈ ਦੋ ਦੋ ਚਾਰ ਚਾਰ ਜਾਣੀਆਂ ਗੱਲਾਂ ਮਾਰਦੀਆਂ ਗੁਰਦੁਆਰੇ ਪਹੁੰਚਣੀਆਂ ਸ਼ੁਰੂ ਹੋ ਗਈਆਂ । ਉੱਥੇ ਹੀ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਹੌਲੀ ਹੌਲੀ ਗੁਰਦੁਆਰੇ ਦਾ ਹਾਲ ਭਰਦਾ ਗਿਆ। ਕੀਰਤਨ ਕਥਾ ਕਰਦੇ ਬਾਬੇ ਨੇ ਕਈ ਗਲਾਕੜ ਬੀਬੀਆਂ ਨੂੰ ਚੁੱਪਚਾਪ ਕੀਰਤਨ ਸੁਣਨ ਦੀ ਚਿਤਾਵਨੀ ਵੀ ਦਿੱਤੀ।ਚਲੋ ਭੋਗ ਪੈ ਗਿਆ।ਨੱਥੇ ਬਾਬੇ ਨੂੰ ਸ਼ਰਧਾਂਜਲੀਆਂ ਦੇ ਨਾਲ ਨਾਲ ਦੋਵੇਂ ਪੁੱਤਾਂ ਦੀ ਵਡਿਆਈ ਵੀ ਖੂਬ ਕਰਦੇ। ਇੱਕ ਜਗੀਰ ਸਿੰਘ ਦਾ ਕੋਈ ਹਮਾਇਤੀ ਖੜਾ ਹੋ ਕੇ ਬਾਬੇ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਆਪਣੇ ਦੋਸਤ ਦੀ ਵਡਿਆਈ ਕਰਨ ਲੱਗਿਆ,” ਸ਼ਾਬਾਸ਼ੇ ਆ ਜਗੀਰ ਸਿੰਘ ਤੇ ਉਸ ਦੇ ਪਰਿਵਾਰ ਦੇ…. ਇਹਨਾਂ ਲਾਇਕ ਬੱਚਿਆਂ ਨੇ ਆਪਣੇ ਪਿਤਾ ਜੀ ਦੀ ਬਹੁਤ ਤਨਦੇਹੀ ਨਾਲ ਸੇਵਾ ਸੰਭਾਲ ਕੀਤੀ ….ਇਹੋ ਜਿਹੀ ਲਾਇਕ ਔਲਾਦ ਘਰ ਘਰ ਹੋਵੇ….!” ਹਰਮੀਤ ਤੇ ਉਸ ਦੀ ਪਤਨੀ ਨੂੰ ਵੱਟ ਚੜ੍ਹ ਰਿਹਾ ਸੀ ,ਉਹ ਆਪਣੀ ਜਗ੍ਹਾ ਸਹੀ ਸਨ ਕਿਉਂਕਿ ਕਿ ਪਿਛਲੇ ਪੰਦਰਾਂ ਦਿਨਾਂ ਤੋਂ ਉਹ ਪਿਓ ਨੂੰ ਹਸਪਤਾਲਾਂ ਵਿੱਚ ਚੁੱਕੀ ਫਿਰਦੇ ਸਨ।
ਦਰ ਅਸਲ ਨੱਥਾ ਸਿਹੁੰ ਦੇ ਦੋ ਪੁੱਤਰ ਹੀ ਸਨ।ਉਸ ਦਾ ਵੱਡਾ ਪੁੱਤ ਨੂੰਹ ਪਿੰਡ ਰਹਿੰਦੇ ਸਨ । ਨੱਥਾ ਸਿਹੁੰ ਉਹਨਾਂ ਕੋਲ ਈ ਰਹਿੰਦਾ ਸੀ। ਹਰਮੀਤ ਛੋਟਾ ਪੁੱਤਰ ਸ਼ਹਿਰ ਵਿੱਚ ਨੌਕਰੀ ਕਰਦਾ ਹੋਣ ਕਰਕੇ ਉਹ ਤੇ ਉਸ ਦਾ ਪਰਿਵਾਰ ਸ਼ਹਿਰ ਵਿੱਚ ਹੀ ਰਹਿੰਦੇ ਸਨ। ਜਦੋਂ ਤੋਂ ਨੱਥਾ ਸਿਹੁੰ ਨੇ ਮੰਜਾ ਫੜਿਆ ਸੀ ਉਦੋਂ ਤੋਂ ਹੀ ਵੱਡਾ ਨੂੰਹ ਪੁੱਤ ਉਸ ਨੂੰ ਦੁਰਪਰੇ ਦੁਰਪਰੇ ਕਰਦੇ ਸਨ। ਜਦ ਨੱਥਾ ਸਿਹੁੰ ਤੋਂ ਲਾਚਾਰੀ ਵਿੱਚ ਉਲਟੀ ਜਾਂ ਪਿਸ਼ਾਬ ਨਾਲ ਬੇਬਸੀ ਵਿੱਚ ਗੰਦ ਪੈ ਜਾਂਦਾ ਤਾਂ ਜਗੀਰੇ ਦੀ ਘਰਵਾਲ਼ੀ ਬੋਲਦੀ,” ਤੂੰ ਸਾਨੂੰ ਦੱਦ ਲੱਗਿਆਂ ਹੋਇਆਂ…… ਛੋਟੇ ਕੋਲ਼ ਜਾ ਮਰ …… ਅਗਲੇ ਸ਼ਹਿਰ’ਚ ਐਸ਼ਾਂ ਕਰਦੇ ਫਿਰਦੇ ਆ…..ਤੇ ਐਥੇ ਮੈਂ ਨਰਕ ਧੋਣ ਨੂੰ…….।”
ਛੋਟਾ ਤਾਂ ਉਸ ਨੂੰ ਕਈ ਵਾਰ ਲੈਣ ਆਇਆ ਸੀ ਪਰ ਨੱਥਾ ਸਿਹੁੰ ਨੇ ਇਹ ਕਹਿ ਕੇ ਮਨਾਂ ਕਰ ਦਿੱਤਾ ਸੀ ਕਿ ਸ਼ਹਿਰ ਵਿੱਚ ਉਸ ਦਾ ਦਿਲ ਨਹੀਂ ਲੱਗਦਾ।ਪਰ ਫਿਰ ਵੀ ਹਰਮੀਤ ਆਪਣੇ ਪਿਓ ਕੋਲ਼ ਚੱਕਰ ਲਾਉਂਦਾ ਰਹਿੰਦਾ ਸੀ। ਵੱਡੀ ਨੂੰਹ ਬੁੜ ਬੁੜ ਕਰਦੀ ਸਾਰਾ ਦਿਨ ਓਹਨੂੰ ਬੁਰਾ ਭਲਾ ਬੋਲਦੀ। ਨੱਥਾ ਸਿਹੁੰ ਅਸਲ ਵਿੱਚ ਵੱਧ ਬੀਮਾਰ ਹੀ ਉਸ ਦੇ ਤਿੱਖੇ ਬੋਲਾਂ ਨੂੰ ਦਿਲ ਤੇ ਲਾਉਣ ਕਰਕੇ ਹੋਇਆ ਸੀ। ਅਖੀਰਲੇ ਸਮੇਂ ਤਾਂ ਛੋਟਾ ਹੀ ਹਸਪਤਾਲ ਲੈ ਕੇ ਗਿਆ ਸੀ ਤੇ ਉਸ ਨੇ ਆਪਣੇ ਪਿਓ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ। ਨੱਥੇ ਨੇ ਛੋਟੇ ਦੇ ਹੱਥਾਂ ਵਿੱਚ ਹੀ ਦਮ ਤੋੜਿਆ ਸੀ।
ਗੁਰਦੁਆਰੇ ਬੈਠੀ ਜਗੀਰੇ ਦੀ ਘਰਵਾਲ਼ੀ ਆਪਣੀ ਤਰੀਫ਼ ਸੁਣ ਕੇ ਆਪਣੇ ਆਪ ਨੂੰ ਹੋਰ ਸਿਆਣੀ ਸਾਬਤ ਕਰਦੀ ਹੋਈ ਬੁੜੀਆਂ ਵਿੱਚ ਬੈਠੀ ਵਡਿਆਈਆਂ ਕਰਦੀ ,” ਮੈਂ ਬਾਪੂ ਜੀ ਦੀ ਸੇਵਾ ਵਿੱਚ ਕੋਈ ਕਸਰ ਨੀ ਛੱਡੀ….. ਮੈਂ ਤਾਂ ਪਹਿਲਾਂ ਈ ਸਭ ਨੂੰ ਕਹਿ ਦਿੱਤਾ ਸੀ……ਸਾਡੇ ਬਾਬਾ ਜੀ ਦਾ ਮਰਨਾ ਤਾਂ ਅਸੀਂ ਐਨਾ ਵਧੀਆ ਕਰਾਂਗੇ ਕਿ ਸਾਰਾ ਪਿੰਡ ਦੇਖੂ…… ਦੇਖ਼ ਲਓ….. ਅਸੀਂ ਕਿਹੜਾ ਸਿਖਾ ਕੇ ਭੇਜਿਆ….ਆਪ ਸ਼ੋਭਾ ਕਰਦੇ ਆ ਲੋਕ…..!”
ਕਹਿਕੇ ਟੇਢੀ ਜਿਹੀ ਅੱਖ ਨਾਲ ਆਪਣੀ ਸ਼ਹਿਰ ਵਾਲੀ ਦਰਾਣੀ ਵੱਲ ਨੂੰ ਦੇਖਦੀ ਹੈ। ਹਰਮੀਤ ਦੀ ਘਰਵਾਲ਼ੀ ਸਭ ਕੁਝ ਕਰ ਕਰਾ ਕੇ ਵੀ ਨਿੰਮੋਝੂਣੀ ਜਿਹੀ ਹੋਈ ਬੈਠੀ ਸੀ। ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਸਭ ਕੁਝ ਹਾਰ ਗਈ ਹੋਵੇ।ਨਾਲ਼ ਬੈਠੀਆਂ ਪਿੰਡ ਦੀਆਂ ਬੁੜੀਆਂ ਕਹਿੰਦੀਆਂ ਹਨ,” ਸ਼ਾਬਾਸ਼ੇ ਭਾਈ ਸ਼ਾਬਾਸ਼ੇ! ਤੇਰੇ ਵਰਗੀਆਂ ਲੈਕ ਤਾਂ ਘਰ ਘਰ ਆਉਣ…. ਘਰਾਣੇ ਘਰਾਂ ਦੀਆਂ ਦੀ ਇਹੀ ਤਾਂ ਪਛਾਣ ਹੁੰਦੀ ਆ….।” ਜਗੀਰੇ ਦੀ ਘਰਵਾਲ਼ੀ ਬਾਬੇ ਦਾ ਵੱਡਾ ਕਰਕੇ ਰਿਸ਼ਤੇਦਾਰਾਂ ਨਾਲ਼ ਗੁਰਦੁਆਰੇ ਤੋਂ ਵਾਪਸ ਐਨੀ ਖੁਸ਼ ਵਾਪਸ ਆ ਰਹੀ ਸੀ ਜਿਵੇਂ ਮੈਡਲ ਜਿੱਤਣ ਵਾਲਾ ਖਿਡਾਰੀ ਪਿੰਡ ਪਰਤਦਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly