ਬੀਐੱਸਐੱਫ ਦੇ ਬਰਖਾਸਤ ਜਵਾਨ ਵੱਲੋਂ ਆਤਮਹੱਤਿਆ

ਜਲੰਧਰ- ਰਾਮਾਮੰਡੀ ਇਲਾਕੇ ’ਚ ਬੀਐੱਸਐੱਫ ਦੇ ਬਰਖਾਸਤ ਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਹਰਦੀਪ ਸ਼ਰਮਾ ਉਰਫ਼ ਬੱਬੂ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਰਾਮਾਮੰਡੀ ਦੀ ਪੁਲੀਸ ਸਮੇਤ ਏਸੀਪੀ ਹਰਸਿਮਰਤ ਸਿੰਘ ਮੌਕੇ ’ਤੇ ਪਹੁੰਚ ਗਏ ਸਨ। ਪੁਲੀਸ ਅਨੁਸਾਰ ਹਰਦੀਪ ਸ਼ਰਮਾ ਨੂੰ ਬੀਐੱਸਐੱਫ ਵਿਚੋਂ ਸਾਲ 2015 ਵਿਚ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ ਬਰਖਾਸਤ ਕਰ ਦਿੱਤਾ ਗਿਆ ਸੀ। ਆਪਣੀ ਬਰਖਾਸਤਗੀ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਘਰ ਨੂੰ ਵੀ ਅੱਗ ਲਾ ਦਿੱਤੀ ਸੀ ਅਤੇ ਪਤਨੀ ਨਾਲ ਝਗੜਾ ਰਹਿੰਦਾ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਪਿਸਤੌਲ ਨਾਲ ਹਰਦੀਪ ਸ਼ਰਮਾ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ, ਉਹ ਦੇਸੀ ਕੱਟਾ ਸੀ। ਪੁਲੀਸ ਨੇ ਗ਼ੈਰਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿਚ ਵੀ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਅੱਜ ਸਵੇਰੇ ਹਰਦੀਪ ਸ਼ਰਮਾ ਦੇ ਕਮਰੇ ਵਿਚੋਂ ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸ ਦੀ ਪਤਨੀ ਤੇ ਪੁੱਤਰ ਕਮਰੇ ਵੱਲ ਦੌੜੇ। ਉਨ੍ਹਾਂ ਦੇਖਿਆ ਕਿ ਉਹ ਬੈੱਡ ’ਤੇ ਪਿਆ ਤੜਫ ਰਿਹਾ ਸੀ। ਪੁਲੀਸ ਨੇ ਪੋਸਟਮਾਰਟਮ ਲਈ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤੀ ਹੈ।

Previous articleਅਜਨਾਲੀ ਦੇ ਤੇਲ ਗੁਦਾਮ ਵਿੱਚ ਲੱਗੀ ਅੱਗ
Next articleਸਾਈਕਲ ਫੈਕਟਰੀ ’ਚ ਅੱਗ ਕਾਰਨ ਕਰੋੜਾਂ ਦਾ ਨੁਕਸਾਨ