ਅਸਮਾਨੀਂ ਚੜ੍ਹੀ ਮਹਿੰਗਾਈ ਖ਼ਿਲਾਫ਼ ਮੁਜ਼ਾਹਰਾ

ਚੰਡੀਗੜ੍ਹ ਮਹਿਲਾ ਕਾਂਗਰਸ ਨੇ ਅੱਜ ਇਥੇ ਸੈਕਟਰ-15 ਵਿੱਚ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਨ੍ਹਾਂ ਔਰਤਾਂ ਨੇ ਆਪਣੇ ਸਿਰ ’ਤੇ ਰਸੋਈ ਗੈਸ ਸਿਲੰਡਰ ਚੁੱਕ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਭੰਡਿਆ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਅਤੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਹੈ ਕਿ ਜਦੋਂ ਤੋਂ ਕੇਂਦਰ ਵਿੱਚ ਭਾਜਪਾ ਸਰਕਾਰ ਨੇ ਮੁੜ ਕਮਾਨ ਸੰਭਾਲੀ ਹੈ, ਦੇਸ਼ ਵਿੱਚ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਵਿੱਚ ਹਮੇਸ਼ਾ ਹੀ ਦੇਸ਼ ਵਾਸੀਆਂ ਦੇ ਭਲੇ ਅਤੇ ਉਨ੍ਹਾਂ ਦੇ ਹੱਕ ਲਈ ਕੰਮ ਕੀਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਦੇ ਲੋਕ ਵਿਰੋਧੀ ਫੈਸਲਿਆਂ ਨਾਲ ਦੇਸ਼ ਵਿੱਚ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਾਸੀਆਂ ਨੂੰ ਆਪਸ ਵਿੱਚ ਵੰਡਣ ਅਤੇ ਸੰਵਿਧਾਨ ਨਾਲ ਛੇੜਛਾੜ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਬਹੁਮਤ ਵਾਲੀ ਚੰਡੀਗੜ੍ਹ ਨਗਰ ਨਿਗਮ ਵੀ ਪਿਛਲੇ ਚਾਰ ਸਾਲਾਂ ਤੋਂ ਵਿਕਾਸ ਕਾਰਜਾਂ ’ਚ ਫੇਲ੍ਹ ਰਹੀ ਹੈ। ਸ਼ਹਿਰ ਦੀਆਂ ਸੜਕਾਂ ਦਾ ਹਾਲ ਮਾੜਾ ਹੈ ਤੇ ਪਾਰਕਾਂ ਵਿੱਚ ਸਫਾਈ ਵਿਵਸਥਾ ਤੇ ਲਾਈਟਾਂ ਦੀ ਹਾਲਤ ਮਾੜੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਦੇ ਮਾਮਲੇ ਵਿੱਚ ਮੋਹਰੀ ਰਹਿਣ ਵਾਲਾ ਚੰਡੀਗੜ੍ਹ ਸ਼ਹਿਰ ਹੁਣ ਹੇਠਾਂ ਖਿਸਕਦਾ ਹੋਇਆ ਦੇਸ਼ ਵਿੱਚ 20ਵੇਂ ਨੰਬਰ ’ਤੇ ਆ ਗਿਆ ਹੈ। ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਨੇ ਸ਼ਹਿਰ ਵਿੱਚ ਜਾਇਦਾਦ ਟੈਕਸ, ਪਾਰਕਿੰਗ, ਕਮਰਸ਼ੀਅਲ ਟੈਕਸ, ਬਿਜਲੀ ਤੇ ਪਾਣੀ ਦੀਆਂ ਦਰਾਂ ਵਿੱਚ ਵਾਧਾ ਕਰਕੇ ਇਥੋਂ ਦੇ ਵਾਸੀਆਂ ਨਾਲ ਧ੍ਰੋਹ ਕਮਾਇਆ ਹੈ। ਇਸੇ ਦੌਰਾਨ ਦੀਪਾ ਦੂਬੇ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਰਸੋਈ ਗੈਸ, ਪੈਟਰੋਲ, ਪਿਆਜ਼ ਅਤੇ ਹੋਰ ਵਸਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਪ੍ਰਦਰਸ਼ਨ ਦੌਰਾਨ ਨਿਗਮ ਕੌਂਸਲਰ ਗੁਰਬਕਸ਼ ਕੌਰ ਰਾਵਤ, ਸਾਬਕਾ ਸੰਸਦ ਪਵਨ ਕੁਮਾਰ ਬਾਂਸਲ ਦੀ ਪਤਨੀ ਮਧੂ ਬਾਂਸਲ ਵੀ ਮੌਜੂਦ ਸਨ।

Previous articleਪਹਾੜ ਤੋਂ ਡਿੱਗਣ ਕਾਰਨ ਭਾਰਤੀ ਪਰਬਤਾਰੋਹੀ ਜ਼ਖ਼ਮੀ
Next articleਸਵੱਛ ਭਾਰਤ ਸਰਵੇਖਣ: ਜਲੰਧਰ 100 ਸ਼ਹਿਰਾਂ ’ਚ ਸ਼ੁਮਾਰ