ਆਸਟਰੇਲੀਆ ਨੇ ਸਲਾਮੀ ਬੱਲੇਬਾਜ਼ ਟੌਮ ਬਲੰਡੇਲ ਦੇ ਸੈਂਕੜੇ ਦੇ ਬਾਵਜੂਦ ਨਿਊਜ਼ੀਲੈਂਡ ਨੂੰ ਦੂਜੇ ਟੈਸਟ ਦੇ ਚੌਥੇ ਹੀ ਦਿਨ ਅੱਜ ਇੱਥੇ 247 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-0 ਦੀ ਜੇਤੂ ਲੀਡ ਹਾਸਲ ਕਰ ਲਈ। ਨਾਥਨ ਲਿਓਨ ਅਤੇ ਜੇਮਜ਼ ਪੈਟਿਨਸਨ ਦੀ ਤੇਜ਼ਧਾਰ ਗੇਂਦਬਾਜ਼ੀ ਦੀ ਬਦੌਲਤ ਆਸਟਰੇਲੀਆ ਦੇ 488 ਦੌੜਾਂ ਦੇ ਟੀਚਾ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਟੀਮ ਦਿਨ ਦੇ ਆਖ਼ਰੀ ਸੈਸ਼ਨ ਵਿੱਚ 240 ਦੌੜਾਂ ’ਤੇ ਢੇਰ ਹੋ ਗਈ। ਲਿਓਨ ਨੇ 81 ਦੌੜਾਂ ਦੇ ਕੇ ਚਾਰ, ਜਦਕਿ ਪੈਟਿਨਸਨ ਨੇ 35 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਬਲੰਡੇਲ ਕਿਵੀ ਟੀਮ ਦਾ ਆਊਟ ਹੋਣ ਵਾਲਾ ਆਖ਼ਰੀ ਬੱਲੇਬਾਜ਼ ਸੀ। ਉਸ ਨੇ 210 ਗੇਂਦਾਂ ਵਿੱਚ 15 ਚੌਕਿਆਂ ਦੀ ਮਦਦ ਨਾਲ 121 ਦੌੜਾਂ ਦੀ ਪਾਰੀ ਖੇਡੀ। ਇਹ ਬਲੰਡੇਲ ਦੇ ਕਰੀਅਰ ਦਾ ਦੂਜਾ ਅਤੇ ਦੋ ਸਾਲ ਵਿੱਚ ਪਹਿਲਾ ਟੈਸਟ ਸੈਂਕੜਾ ਹੈ। ਟ੍ਰੈਂਟ ਬੋਲਟ ਪਹਿਲੀ ਪਾਰੀ ’ਚ ਜ਼ਖ਼ਮੀ ਹੋਣ ਕਾਰਨ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਨਹੀਂ ਉਤਰਿਆ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਗੇਂਦ ਕਾਰਨ ਉਸ ਦੇ ਹੱਥ ਵਿੱਚ ਫਰੈਕਚਰ ਹੋ ਗਿਆ ਸੀ। ਉਹ ਸਿਡਨੀ ਵਿੱਚ ਤਿੰਨ ਜਨਵਰੀ ਤੋਂ ਸ਼ੁਰੂ ਹੋ ਰਹੇ ਤੀਜੇ ਟੈਸਟ ’ਚੋਂ ਵੀ ਬਾਹਰ ਹੋ ਗਿਆ ਹੈ।
ਨਿਊਜ਼ੀਲੈਂਡ ਨੂੰ ਲਗਾਤਾਰ ਦੂਜੇ ਟੈਸਟ ਵਿੱਚ ਚਾਰ ਦਿਨ ਦੇ ਅੰਦਰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਪਰਥ ਵਿੱਚ ਪਹਿਲਾ ਟੈਸਟ ਵੀ ਚਾਰ ਦਿਨਾਂ ’ਚ 296 ਦੌੜਾਂ ਨਾਲ ਹਾਰੀ ਸੀ। ਟੈਸਟ ਕ੍ਰਿਕਟ ਦੇ ਇਤਿਹਾਸ ਵਿੱਚ ਕੋਈ ਟੀਮ 418 ਦੌੜਾਂ ਤੋਂ ਵੱਧ ਦੇ ਟੀਚੇ ਨੂੰ ਹਾਸਲ ਨਹੀਂ ਕਰ ਸਕੀ, ਪਰ ਇਹ ਰਿਕਾਰਡ ਵੀ ਆਸਟਰੇਲੀਆ ਦੇ ਖ਼ਿਲਾਫ਼ ਹੀ ਹੈ। ਵੈਸਟ ਇੰਡੀਜ਼ ਨੇ ਸਾਲ 2003 ਵਿੱਚ ਐਂਟੀਗਾ ’ਚ ਆਸਟਰੇਲੀਆ ਖ਼ਿਲਾਫ਼ ਇਹ ਟੀਚਾ ਹਾਸਲ ਕੀਤਾ ਸੀ।
ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਪੈਟਿਨਸਨ ਦੀ ਤੂਫ਼ਾਨੀ ਗੇਂਦਬਾਜ਼ੀ ਸਾਹਮਣੇ ਲੰਚ ਤੱਕ 38 ਦੌੜਾਂ ਤੱਕ ਤਿੰਨ ਵਿਕਟਾਂ ਦੇ ਨੁਕਸਾਨ ਮਗਰੋਂ ਸੰਕਟ ਵਿੱਚ ਸੀ, ਪਰ ਬਲੰਡੇਲ ਨੇ ਪਾਰੀ ਨੂੰ ਸੰਭਾਲੀ ਰੱਖਿਆ। ਦੂਜੇ ਸੈਸ਼ਨ ਵਿੱਚ ਲਿਓਨ ਨੇ ਇੱਕ ਅਤੇ ਤੀਜੇ ਸੈਸ਼ਨ ਵਿੱਚ ਤਿੰਨ ਵਿਕਟਾਂ ਲੈ ਕੇ ਆਸਟਰੇਲੀਆ ਨੂੰ ਜਿੱਤ ਦਿਵਾਈ।
ਨਿਊਜ਼ੀਲੈਂਡ ਨੇ ਚੌਕਸੀ ਨਾਲ ਸ਼ੁਰੂਆਤ ਕੀਤੀ ਅਤੇ ਇੱਕ ਸਮੇਂ ਉਸ ਦਾ ਸਕੋਰ ਬਿਨਾਂ ਵਿਕਟ ਗੁਆਏ 32 ਦੌੜਾਂ ਸੀ, ਪਰ ਜ਼ਖ਼ਮੀ ਜੋਸ਼ ਹੇਜ਼ਲਵੁੱਡ ਦੀ ਥਾਂ ਖੇਡ ਰਹੇ ਪੈਟਿਨਸਨ ਨੇ ਟੌਮ ਲਾਥਮ (ਅੱਠ), ਕਪਤਾਨ ਕੇਨ ਵਿਲੀਅਮਸਨ (ਸਿਫ਼ਰ) ਅਤੇ ਰੋਸ ਟੇਲਰ (ਦੋ) ਨੂੰ ਤਿੰਨ ਦੌੜਾਂ ਦੇ ਅੰਦਰ ਬਾਹਰ ਦਾ ਰਸਤਾ ਵਿਖਾਇਆ। ਆਪਣਾ ਸਿਰਫ਼ ਤੀਜਾ ਟੈਸਟ ਖੇਡ ਰਹੇ ਬਲੰਡੇਲ ਨੇ ਇਸ ਮਗਰੋਂ ਬੀਜੇ ਵਾਟਲਿੰਗ (22 ਦੌੜਾਂ) ਨਾਲ ਪੰਜਵੀਂ ਵਿਕਟ ਲਈ 72 ਦੌੜਾਂ ਦੀ ਭਾਈਵਾਲੀ ਕੀਤੀ। ਲਿਓਨ ਨੇ ਵਾਟਲਿੰਗ ਦੀ ਵਿਕਟ ਲੈ ਕੇ ਭਾਈਵਾਲੀ ਨੂੰ ਤੋੜਿਆ। ਕੋਲਿਨ ਗਰੈਂਡਹੋਮ ਵੀ ਨੌਂ ਦੌੜਾਂ ਬਣਾਉਣ ਮਗਰੋਂ ਲਿਓਨ ਦੀ ਗੇਂਦ ਦਾ ਸ਼ਿਕਾਰ ਬਣਿਆ।
ਇਸ ਤੋਂ ਪਹਿਲਾਂ ਆਸਟਰੇਲੀਆ ਦੀ ਟੀਮ ਸਵੇਰੇ ਚਾਰ ਵਿਕਟਾਂ ’ਤੇ 137 ਦੌੜਾਂ ਤੋਂ ਅੱਗੇ ਖੇਡਣ ਉਤਰੀ। ਕਪਤਾਨ ਪੇਨ ਨੇ ਪੰਜ ਵਿਕਟਾਂ ਪਿੱਛੇ 168 ਦੌੜਾਂ ਦੇ ਸਕੋਰ ’ਤੇ ਦੂਜੀ ਪਾਰੀ ਐਲਾਨੀ, ਜਦ ਟਰੈਵਿਸ ਹੈੱਡ (28 ਦੌੜਾਂ) ਨੂੰ ਨੀਲ ਵੈਗਨਰ ਨੇ ਆਊਟ ਕੀਤਾ। ਮੈਥਿਊ ਵੇਡ 30 ਦੌੜਾਂ ਬਣਾ ਕੇ ਨਾਬਾਦ ਰਿਹਾ। ਵੈਗਨਰ ਨੇ 50 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 467 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 148 ਦੌੜਾਂ ’ਤੇ ਢੇਰ ਹੋ ਗਈ ਸੀ।
Sports ਆਸਟਰੇਲੀਆ ਨੇ ਨਿਊਜ਼ੀਲੈਂਡ ਤੋਂ ਟੈਸਟ ਲੜੀ ਜਿੱਤੀ