ਮੈਲਬਰਨ: ਆਸਟਰੇਲਿਆਈ ਕਪਤਾਨ ਟਿਮ ਪੇਨ ਨੇ ਅੱਜ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿੱਚ ਵਿਵਾਦਤ ਢੰਗ ਨਾਲ ਆਊਟ ਹੋਣ ਮਗਰੋਂ ਕ੍ਰਿਕਟ ਦੀ ਡੀਆਰਐੱਸ ਪ੍ਰਣਾਲੀ ਦੀ ਆਲੋਚਨਾ ਕੀਤੀ। ਉਸ ਨੇ ਕਿਹਾ ਕਿ ਇਸ ਪ੍ਰਣਾਲੀ ਦੇ ਨਤੀਜਿਆਂ ਤੋਂ ਉਹ ਨਿਰਾਸ਼ ਅਤੇ ਨਾਰਾਜ਼ ਹੈ। ਪੇਨ ਨੇ ਆਪਣੀਆਂ ਸਰਵੋਤਮ ਪਾਰੀਆਂ ਵਿੱਚੋਂ ਇੱਕ ਖੇਡੀ ਅਤੇ ਉਹ ਆਪਣਾ ਪਹਿਲਾ ਟੈਸਟ ਸੈਂਕੜਾ ਜੜਨ ਦੇ ਨੇੜੇ ਸੀ, ਜਦੋਂ ਨਿਊਜ਼ੀਲੈਂਡ ਨੇ ਅੰਪਾਇਰ ਦੇ ਨਾਟ ਆਊਟ ਫ਼ੈਸਲੇ ਦੀ ਸਮੀਖਿਆ ਲਈ ਅਤੇ ਉਸ ਨੂੰ ਨੀਲ ਵੈਗਨਰ ਨੇ 79 ਦੌੜਾਂ ਦੇ ਸਕੋਰ ’ਤੇ ਐੱਲਬੀਡਬਲਯੂ ਆਊਟ ਕੀਤਾ। ਪ੍ਰਸਾਰਕ ਏਬੀਸੀ ਵੱਲੋਂ ਡੀਆਰਐੱਸ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਫਿਰ ਸ਼ੁਰੂ ਨਾ ਕਰੋ।’’ ਪੇਨ ਦੀ ਨਿਰਾਸ਼ਾ ਦਾ ਇੱਕ ਕਾਰਨ ਇਹ ਵੀ ਸੀ ਕਿ ਨਿਊਜ਼ੀਲੈਂਡ ਦਾ ਬੱਲੇਬਾਜ਼ ਰੋਸ ਟੇਲਰ ਸ਼ੁਰੂ ਵਿੱਚ ਐੱਲਬੀਡਬਲਯੂ ਦੇਣ ਮਗਰੋਂ ਸਮੀਖਿਆ ਵਿੱਚ ਬਚ ਗਿਆ। ਗੇਂਦ ਸਟੰਪ ਨੂੰ ਜਾਂਦੀ ਦਿਸ ਰਹੀ ਸੀ, ਪਰ ਟਰੈਕਿੰਗ ਤਕਨੀਕ ਵਿੱਚ ਇਹ ਉਪਰ ਜਾਂਦੀ ਲੱਗੀ। ਪੇਨ ਨੇ ਕਿਹਾ, ‘‘ਤੁਸੀਂ ਅਖ਼ੀਰ ’ਚ ਵੇਖਿਆ, ਉਹ ਬਚ ਗਿਆ ਅਤੇ ਕ੍ਰੀਜ਼ ’ਤੇ ਹੈ, ਜਦਕਿ ਗੇਂਦ ਸਟੰਪ ਹਿੱਟ ਕਰ ਰਹੀ ਸੀ, ਪਰ ਇਹ ਉਪਰ ਜਾ ਰਹੀ ਸੀ। ਇਸ ਲਈ ਇਹ ਨਮੋਸ਼ੀਜਨਕ ਹੈ ਅਤੇ ਇਸ ਤੋਂ ਮੈਂ ਨਾਰਾਜ਼ ਹਾਂ।’’