ਮੁਹਾਲੀ ਵਾਸੀਆਂ ਨੂੰ ਨੇੜ ਭਵਿੱਖ ’ਚ ਲੋੜ ਅਨੁਸਾਰ ਪੀਣ ਵਾਲਾ ਸ਼ੁੱਧ ਪਾਣੀ ਮਿਲਣ ਦੀ ਆਸ ਬੱਝ ਗਈ ਹੈ। ਅੱਜ ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੁਹਾਲੀ ਨਗਰ ਨਿਗਮ ਦੀ ਮੀਟਿੰਗ ’ਚ ਅੰਮ੍ਰਿਤ ਪ੍ਰਾਜੈਕਟ ਤਹਿਤ ਜਲ ਸਪਲਾਈ ਦੀ ਕਾਇਆ ਕਲਪ ਕਰਨ ਲਈ 14 ਕਰੋੜ ਰੁਪਏ ਖਰਚ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਸਬੰਧੀ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਬੂਸਟਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਤੇ ਟਰੀਟਮੈਂਟ ਪਲਾਂਟ ਲਗਾਏ ਜਾਣਗੇ ਤੇ ਪਹਿਲਾਂ ਚੱਲ ਰਹੇ ਪਲਾਂਟ ਦੀ ਮੁਰੰਮਤ ਕੀਤੀ ਜਾਵੇਗੀ। ਇਸ ਸਬੰਧੀ 50 ਫੀਸਦੀ ਕੇਂਦਰ ਸਰਕਾਰ ਤੇ 30 ਫੀਸਦੀ ਪੰਜਾਬ ਸਰਕਾਰ ਵੱਲੋਂ ਖਰਚਾ ਕੀਤਾ ਜਾਵੇਗਾ ਜਦੋਂਕਿ ਨਗਰ ਨਿਗਮ 20 ਫੀਸਦੀ ਹਿੱਸੇ ਦਾ ਯੋਗਦਾਨ ਦੇਵੇਗੀ। ਇਸ ਤੋਂ ਇਲਾਵਾ ਸ਼ਹਿਰ ਵਿੱਚ 14 ਕਰੋੜ ਦੀ ਲਾਗਤ ਨਾਲ 40 ਸਾਲ ਪੁਰਾਣਾ ਸੀਵਰੇਜ ਵੀ ਬਦਲਿਆ ਜਾ ਰਿਹਾ ਹੈ। ਚਾਰ ਦਹਾਕੇ ਪਹਿਲਾਂ ਦੇਸੀ ਜੁਗਾੜ ਨਾਲ ਸੀਵਰੇਜ ਪਾਇਆ ਗਿਆ ਸੀ, ਜਿਸ ਦੀ ਮਿਆਦ ਪੁੱਗ ਜਾਣ ਕਾਰਨ ਸੀਵਰੇਜ ਜਾਮ ਦੀ ਸਮੱਸਿਆ ਰਹਿੰਦੀ ਹੈ। ਮੇਅਰ ਨੇ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਨੇਪਰੇ ਚੜ੍ਹਨ ਨਾਲ ਸ਼ਹਿਰ ਵਾਸੀਆਂ ਨੂੰ ਅਗਲੇ 50 ਸਾਲਾਂ ਤੱਕ ਸੀਵਰੇਜ ਤੇ ਪਾਣੀ ਦੀ ਕੋਈ ਕਿੱਲਤ ਨਹੀਂ ਆਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹਿਰ ਵਾਸੀਆਂ ਨੂੰ ਸ਼ੁੱਧ ਪਾਣੀ ਸਪਲਾਈ ਕਰਨ ਲਈ ਟਰੀਟਮੈਂਟ ਪਲਾਂਟਾਂ ਨੂੰ ਵੀ ਅਪਗਰੇਡ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਜੌਲੀ ਵਾਟਰ ਵਰਕਸ ਤੋਂ ਸਿੱਧੇ ਪਾਣੀ ਦੀ ਸਪਲਾਈ ’ਚੋਂ ਵੀ ਹਿੱਸਾ ਮੰਗਿਆ ਜਾਵੇਗਾ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਚਾਰ ਸਾਹਿਬਜ਼ਾਦਿਆਂ ਨੂੰ ਯਾਦ ਕੀਤਾਅਤੇ ਮੇਅਰ ਨੇ ਸਰਬੰਸਦਾਨੀ ਦੇ ਸਮੁੱਚੇ ਪਰਿਵਾਰ ਦੀ ਅਦੁੱਤੀ ਤੇ ਲਾਸਾਨੀ ਬਲੀਦਾਨ ਬਾਰੇ ਜਾਣਕਾਰੀ ਦਿੱਤੀ। ਨਵੇਂ ਕਮਿਸ਼ਨਰ ਕਮਲ ਗਰਗ ਨੇ ਕੌਂਸਲਰਾਂ ਨਾਲ ਜਾਣ ਪਛਾਣ ਕੀਤੀ। ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ’ਚ ਟੈਕਸੀ ਸਟੈਂਡ ਰੈਗੂਲਰ ਕਰਨ ਦੇ ਮਤੇ ’ਤੇ ਬਹਿਸ ਕਰਦਿਆਂ ਕਿਹਾ ਕਿ ਟੈਕਸੀ ਸਟੈਂਡਾਂ ਨੂੰ ਪ੍ਰਵਾਨਗੀ ਦੇਣ ਤੋਂ ਪਹਿਲਾਂ ਘੱਟੋ-ਘੱਟ 20 ਗੱਡੀਆਂ ਹੋਣ ਦੀ ਸ਼ਰਤ ਜੋੜੀ ਜਾਵੇ। ਇਸ ਸਬੰਧੀ ਕਮਿਸ਼ਨਰ ਨੂੰ ਵਿਸਥਾਰ ਰਿਪੋਰਟ ਤੇ ਸ਼ਰਤਾਂ ਤੈਅ ਕਰਨ ਦੇ ਅਧਿਕਾਰੀ ਦਿੱਤੇ ਗਏ। ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਤੇ ਹਰਪਾਲ ਸਿੰਘ ਚੰਨਾ ਨੇ ਸ਼ਹਿਰ ’ਚ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੀਆਂ ਪ੍ਰਸ਼ਾਨੀਆਂ ਦਾ ਮੁੱਦਾ ਚੁੱਕਿਆ।
INDIA ਮੁਹਾਲੀ ਵਾਸੀਆਂ ਨੂੰ ਵਧੇਰੇ ਪਾਣੀ ਮਿਲਣ ਦੀ ਆਸ ਬੱਝੀ