ਲਾਸਾਨੀ ਸ਼ਹਾਦਤ ਨੂੰ ਸਿਜਦਾ
ਗੁਰਦੁਆਰਾ ਜੋਤੀ ਸਰੂਪ ਵਿਖੇ ਅਖੰਡ ਪਾਠ ਦੀ ਆਰੰਭਤਾ;
ਵੱਡੀ ਗਿਣਤੀ ਸੰਗਤ ਹੋਈ ਨਤਮਸਤਕ
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਭਾ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਅਖੰਡ ਪਾਠ ਦੀ ਆਰੰਭਤਾ ਨਾਲ ਸ਼ੁਰੂ ਹੋਈ, ਜਿਸ ਦੇ ਭੋਗ 28 ਦਸੰਬਰ ਨੂੰ ਪਾਏ ਜਾਣਗੇ। ਸ਼ਹੀਦੀ ਸਭਾ ਦੇ ਪਹਿਲੇ ਦਿਨ ਦੇਸ਼-ਵਿਦੇਸ਼ਾਂ ਤੋਂ ਪੁੱਜੀ ਵੱਡੀ ਗਿਣਤੀ ਸੰਗਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਨਤਮਸਤਕ ਹੋਈ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਵਾਲੇ ਅਸਥਾਨ ’ਤੇ ਸੁਸ਼ੋਭਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਅੱਜ ਸਵੇਰੇ ਸ੍ਰੀ ਅਖੰਡ ਪਾਠ ਦੀ ਆਰੰਭਤਾ ਹੋਈ। ਇਸ ਮੌਕੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਅਰਦਾਸ ਕੀਤੀ ਅਤੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀਆਂ ਕੁਰਬਾਨੀਆਂ ਬਾਰੇ ਜਾਣਕਾਰੀ ਦਿੱਤੀ। ਸ਼ਹੀਦੀ ਸਭਾ ਦੇ ਮੱਦੇਨਜ਼ਰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਤਿੰਨ ਰੋਜ਼ਾ ਵਪਾਰਕ ਅਤੇ ਉਦਯੋਗਿਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਗਿਆ। ਆਮ ਖ਼ਾਸ ਬਾਗ਼ ਸਰਹਿੰਦ ਵਿਚ ਸ਼ਾਮ ਵੇਲੇ ਨਾਟਕ ‘ਜਿੰਦਾਂ ਨਿੱਕੀਆਂ’ ਦਾ ਮੰਚਨ ਕੀਤਾ ਗਿਆ। ਇਸ ਸਾਲ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ 25 ਲੱਖ ਦੇ ਕਰੀਬ ਸ਼ਰਧਾਲੂਆਂ ਦੇ ਪਹੁੰਚਣ ਦੀ ਆਸ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀ ਸਹੂਲਤ ਲਈ ਪਹਿਲੀ ਵਾਰ ਈ-ਰਿਕਸ਼ਾ ਦੀ ਸਹੂਲਤ ਦਿੱਤੀ ਗਈ ਹੈ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਜਿਵੇਂ ਕਿ ਕੱਪੜੇ, ਭਾਂਡੇ, ਜੁੱਤੀਆਂ ਆਦਿ ਦੀ ਪੂਰਤੀ ਲਈ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਵੱਲੋਂ ‘ਨੇਕੀ ਦੀ ਦੀਵਾਰ’ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ। ਇਸ ‘ਨੇਕੀ ਦੀ ਦੀਵਾਰ’ ਨੇੜੇ ਲੋਕ ਜ਼ਰੂਰਤ ਦਾ ਸਮਾਨ ਰੱਖ ਸਕਦੇ ਹਨ ਅਤੇ ਲੋੜਵੰਦ ਇਹ ਸਾਮਾਨ ਇੱਥੋਂ ਲਿਜਾ ਸਕਦੇ ਹਨ।