ਨਾਗਰਿਕਤਾ ਕਾਨੂੰਨ ਬਾਰੇ ਕਾਂਗਰਸ ਅਤੇ ਵਿਰੋਧੀ ਧਿਰਾਂ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਕੇ ਭਾਰਤ ਦੀ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਗੱਲ ਦਾ ਪ੍ਰਗਟਾਵਾ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸ਼ਿਵਰਾਜ ਸਿੰਘ ਚੌਹਾਨ ਨੇ ਚੰਡੀਗੜ੍ਹ ਵਿਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਵਸ ਮੌਕੇ ਮਨਾਏ ਗਏ ‘ਸੁਸ਼ਾਸਨ ਦਿਵਸ’ ਮੌਕੇ ਕਹੇ। ਇਹ ਸਮਾਗਮ ਭਾਜਪਾ ਦੇ ਸੈਕਟਰ 33 ਸਥਿਤ ਕਮਲਮ ਭਵਨ ਵਿੱਚ ਕਰਵਾਇਆ ਗਿਆ। ਉਨ੍ਹਾਂ ਕਿਹਾ ਨਾਗਰਿਕਤਾ ਕਾਨੂੰਨ ਤਹਿਤ ਕਿਸੇ ਨੂੰ ਧਰਮ ਦੇ ਆਧਾਰ ’ਤੇ ਵੰਡਿਆ ਨਹੀਂ ਜਾਵੇਗਾ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਵਿਦੇਸ਼ੀ ਕਰਾਰ ਦਿੰਦੀਆਂ ਕਿਹਾ ਕਿ ਕਾਂਗਰਸ ਮੁਖੀ ਸੋਨੀਆ ਗਾਂਧੀ ਵੱਲੋਂ ਰਾਜਘਾਟ ’ਤੇ ਧਰਨਾ ਦੇਣ ਦੀ ਥਾਂ ਸੰਸਦ ’ਚ ਬਿੱਲ ਸਬੰਧੀ ਵਿਰੋਧ ਜਤਾਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ’ਚ ਹੋਈਆਂ ਹਿੰਸਕ ਘਟਨਾਵਾਂ ਦੀ ਸੋਨੀਆ ਗਾਂਧੀ ਨੇ ਇਕ ਵਾਰ ਵੀ ਨਿੰਦਾ ਨਹੀਂ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਅਤੇ ਵਿਰੋਧੀ ਧਿਰ ਰਾਜਸੀ ਲਾਭ ਲਈ ਦੇਸ਼ ਦਾ ਮਾਹੌਲ ਖਰਾਬ ਕਰਵਾ ਰਹੇ ਹਨ। ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੇ ਮੁੱਖ ਮੰਤਰੀਆਂ ਬਾਰੇ ਉਨ੍ਹਾਂ ਕਿਹਾ ਕਿ ਸੰਵਿਧਾਨਕ ਪਦ ’ਤੇ ਬੈਠੇ ਸਿਆਸੀ ਆਗੂਆਂ ਨੂੰ ਸੰਸਦ ਵੱਲੋਂ ਪਾਸ ਕੀਤੇ ਇਸ ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ ਹੈ। ਸ੍ਰੀ ਚੌਹਾਨ ਨੇ ਕਿਹਾ ਕਿ ਨਾਗਰਿਕਤਾ ਕਾਨੂੰਨ ਮੁਸਲਿਮ ਵਿਰੋਧੀ ਨਹੀਂ ਹੈ ਜਦਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ’ਚ ਹਿੰਦੂ, ਸਿੱਖ ਤੇ ਜੈਨ ਧਰਮ ਸਮੇਤ 6 ਧਰਮਾਂ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧਰਮਾਂ ਦੇ ਲੋਕ, ਜੋ ਦਸੰਬਰ 2014 ਤੋਂ ਪਹਿਲਾਂ ਵੀਜ਼ਾ ਲੈ ਕੇ ਭਾਰਤ ਆ ਗਏ ਸਨ, ਉਹ ਵਾਪਸ ਨਹੀਂ ਗਏ ਤੇ ਇਨ੍ਹਾਂ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ 5 ਜਨਵਰੀ ਤੱਕ ਦੇਸ਼ ਦੇ ਲੋਕਾਂ ਨੂੰ ਬਿੱਲ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਵੀ ਹਾਜ਼ਰ ਸਨ।
INDIA ਨਾਗਰਿਕਤਾ ਕਾਨੂੰਨ ਬਾਰੇ ਕਾਂਗਰਸ ਦਾ ਪ੍ਰਚਾਰ ਗੁਮਰਾਹਕੁੰਨ: ਚੌਹਾਨ