ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਟਰਮੀਨਲ ਤਕ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਕਸਬੇ ਤੋਂ ਟਰਮੀਨਲ ਤਕ ਯਾਤਰੂਆਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਜਾ ਚੁੱਕੀ ਹੈ। ਗੁਰਦੁਆਰਾ ਕਰਤਾਰਪੁਰ ਦਾ ਲਾਂਘਾ ਖੁੱਲ੍ਹਣ ਮਗਰੋਂ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ’ਤੇ ਸ਼ਰਧਾਲੂਆਂ ਲਈ ਵੱਖ ਵੱਖ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸ ਤਹਿਤ ਹੁਣ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਟਰਮੀਨਲ ਤਕ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਹ ਮੁਫ਼ਤ ਬੱਸ ਸੇਵਾ ਨਵੇਂ ਵਰ੍ਹੇ ਤੋਂ ਅਰੰਭ ਕਰ ਦਿੱਤੀ ਜਾਵੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਇਕ ਨਵੀਂ 45 ਸੀਟਾਂ ਵਾਲੀ ਏਸੀ ਬੱਸ ਖਰੀਦੀ ਜਾ ਰਹੀ ਹੈ। ਨਵੀਂ ਬੱਸ ਦੇ ਆਉਣ ਤੱਕ ਇਸ ਬੱਸ ਸੇਵਾ ਲਈ ਆਰਜ਼ੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੱਖ ਸੰਸਥਾ ਕੋਲ ਕੁਝ ਬੱਸਾਂ ਹਨ, ਜਿਨ੍ਹਾਂ ਵਿੱਚੋਂ ਇੱਕ ਬੱਸ ਨੂੰ ਆਰਜ਼ੀ ਤੌਰ ’ਤੇ ਨਵੇਂ ਵਰ੍ਹੇ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਬੱਸ ਸ੍ਰੀ ਹਰਿਮੰਦਰ ਸਾਹਿਬ ਨੇੜੇ ਗੁਰਦੁਆਰਾ ਸਾਰਾਗੜ੍ਹੀ ਤੋਂ ਸਵੇਰੇ ਸ਼ਰਧਾਲੂਆਂ ਨੂੰ ਲੈ ਕੇ ਚੱਲੇਗੀ ਅਤੇ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨ ਕਰਨ ਮਗਰੋਂ ਵਾਪਸ ਪਰਤੇ ਸ਼ਰਧਾਲੂਆਂ ਨੂੰ ਮੁੜ ਡੇਰਾ ਬਾਬਾ ਨਾਨਕ ਟਰਮੀਨਲ ਤੋਂ ਅੰਮ੍ਰਿਤਸਰ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਲੋੜ ਮੁਤਾਬਕ ਵਾਹਨਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਤੋਂ ਵੀ ਟਰਮੀਨਲ ਤੱਕ ਇੱਕ ਬੱਸ ਸ਼ਰਧਾਲੂਆਂ ਵਾਸਤੇ ਮੁਫ਼ਤ ਚਲਾਈ ਜਾ ਰਹੀ ਹੈ। ਸ੍ਰੀ ਕਰਤਾਰਪੁਰ ਸਹਿਬ ਦੀ ਯਾਤਰਾ ਸ਼ੁਰੂ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਪੰਜਾਬ ਅਤੇ ਹਰਿਆਣਾ ਦੇ ਲਗਪਗ 36 ਗੁਰਦੁਆਰਿਆਂ ਵਿਚ ਵਿਸ਼ੇਸ਼ ‘ਹੈਲਪ ਕਾਊਂਟਰ’ ਸ਼ੁਰੂ ਕੀਤੇ ਗਏ ਹਨ, ਜਿੱਥੇ ਗੁਰਦੁਆਰਾ ਕਰਤਾਰਪੁਰ ਜਾਣ ਦੇ ਇੱਛੁਕ ਸ਼ਰਧਾਲੂਆਂ ਦੇ ਆਨਲਾਈਨ ਫਾਰਮ ਮੁਫ਼ਤ ਭਰੇ ਜਾਂਦੇ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਕਰਤਾਰਪੁਰ ਵਿੱਚ ਗੁਰਬਾਣੀ ਕੀਰਤਨ ਵਾਸਤੇ ਰਾਗੀ ਜਥੇ ਭੇਜਣ ਦੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਰਾਗੀਆਂ ਦਾ ਪੱਕਾ ਵੀਜ਼ਾ ਲੈਣ ਵਾਸਤੇ ਵੀ ਉਪਰਾਲੇ ਕੀਤੇ ਜਾ ਰਹੇ ਹਨ। ਮੁੱਖ ਸਕੱਤਰ ਨੇ ਇਸ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਜੇਕਰ ਰਾਗੀ ਜਥਿਆਂ ਨੂੰ ਦਸ ਦਿਨ ਦਾ ਵੀਜ਼ਾ ਮਿਲ ਜਾਵੇ ਤਾਂ ਉਹ ਪੱਕੇ ਤੌਰ ’ਤੇ ਦਸ ਦਿਨ ਉੱਥੇ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਅ ਸਕਣਗੇ। ਇਸੇ ਤਰਜ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਉਥੇ ਲੰਗਰ ਦਾ ਪ੍ਰਬੰਧ ਕਰਨ ਵਾਸਤੇ ਅਮਲਾ ਭੇਜਣ ਦੀ ਵੀ ਯੋਜਨਾ ਹੈ।
INDIA ਕਰਤਾਰਪੁਰ ਲਾਘਾ: ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਟਰਮੀਨਲ ਤੱਕ ਚੱਲੇਗੀ ਬੱਸ