ਲਖ਼ਨਊ ’ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਬੁੱਤ ਤੋਂ ਪਰਦਾ ਹਟਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ’ਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ’ਤੇ ਵਰ੍ਹਦਿਆਂ ਕਿਹਾ ਕਿ ਅਜਿਹੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਹੱਕ ਅਤੇ ਫ਼ਰਜ਼ ਨਾਲੋ-ਨਾਲ ਚੱਲਦੇ ਹਨ। ਨੁਕਸਾਨ ਕਰਨ ਵਾਲੇ ਖ਼ੁਦ ਨੂੰ ਸਵਾਲ ਕਰਨ ਕਿ ‘ਕੀ ਇਹ ਸਹੀ ਹੈ? ਜੋ ਵੀ ਸਾੜਿਆ ਗਿਆ, ਕੀ ਉਹ ਉਨ੍ਹਾਂ ਦੇ ਬੱਚਿਆਂ ਦੇ ਕੰਮ ਆਉਣਾ ਵਾਲਾ ਨਹੀਂ ਸੀ? ਜ਼ਖ਼ਮੀ ਹੋਏ ਆਮ ਨਾਗਰਿਕਾਂ ਤੇ ਪੁਲੀਸ ਕਰਮਚਾਰੀਆਂ ਦੇ ਹਾਲ ਬਾਰੇ ਕੀ?’ ਦੱਸਣਯੋਗ ਹੈ ਕਿ ਐਕਟ ਖ਼ਿਲਾਫ਼ ਹੋਏ ਪ੍ਰਦਰਸ਼ਨਾਂ ਵਿਚ ਇਕੱਲੇ ਯੂਪੀ ’ਚ ਹੀ 15 ਤੋਂ ਵੱਧ ਲੋਕ ਮਾਰੇ ਗਏ ਹਨ, 263 ਪੁਲੀਸ ਮੁਲਾਜ਼ਮ ਫੱਟੜ ਹੋਏ ਹਨ ਤੇ ਸਰਕਾਰੀ ਜਾਇਦਾਦ ਦਾ ਵੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਅੱਜ ਇੱਥੇ ਲੋਕ ਭਵਨ ’ਚ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਬੁੱਤ ਤੋਂ ਪਰਦਾ ਹਟਾਉਣ ਮਗਰੋਂ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਲਖ਼ਨਊ ਵਿਚ ਅਟਲ ਬਿਹਾਰੀ ਵਾਜਪਾਈ ਮੈਡੀਕਲ ਯੂਨੀਵਰਸਿਟੀ ਦਾ ਨੀਂਹ ਪੱਥਰ ਵੀ ਰੱਖਿਆ। ਧਾਰਾ 370 ਦਾ ਜ਼ਿਕਰ ਕਰਦਿਆਂ, ਮੋਦੀ ਨੇ ਕਿਹਾ ਕਿ ਇਹ ਇਕ ‘ਪੁਰਾਣੀ ਬੀਮਾਰੀ’ ਸੀ ਤੇ ਇਸ ਨੂੰ ਸ਼ਾਂਤੀ ਨਾਲ ਨਜਿੱਠ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੜਬੜੀ ਪੈਦਾ ਹੋਣ ਬਾਰੇ ਕਈ ਖ਼ਦਸ਼ੇ ਜਤਾਏ ਗਏ ਸਨ ਪਰ ਅਜਿਹਾ ਕੁਝ ਨਹੀਂ ਵਾਪਰਿਆ। ਰਾਮ ਜਨਮਭੂਮੀ ਮੁੱਦਾ ਵੀ ਸ਼ਾਂਤੀ ਨਾਲ ਨਜਿੱਠ ਲਿਆ ਗਿਆ। ਸੋਧੇ ਗਏ ਨਾਗਰਿਕਤਾ ਐਕਟ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਤੋਂ ‘ਆਪਣੀਆਂ ਧੀਆਂ ਦੀ ਇੱਜ਼ਤ ਖ਼ਾਤਰ’ ਭਾਰਤ ਆਏ ਲੋਕਾਂ ਨੂੰ ਨਾਗਰਿਕਤਾ ਦੇਣਾ ਇਕ ਹੋਰ ਅਜਿਹੀ ਸਮੱਸਿਆ ਸੀ, ਜਿਸ ਦਾ ਹੱਲ 130 ਕਰੋੜ ਭਾਰਤੀਆਂ ਨੇ ਕੱਢ ਲਿਆ ਹੈ। ਹਿੰਦੁਸਤਾਨੀ ਹੁਣ ਆਤਮ-ਵਿਸ਼ਵਾਸ ਨਾਲ ਨਵੇਂ ਦਹਾਕੇ ’ਚ ਪੈਰ ਧਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਪੀ ’ਚ ਮੈਡੀਕਲ ਯੂਨੀਵਰਸਿਟੀ ਬਣਨ ਨਾਲ ਸੂਬੇ ’ਚ ਸਿਹਤ ਢਾਂਚਾ ਹੋਰ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਬਿਹਤਰ ਸਿਹਤ-ਸੰਭਾਲ ਲਈ ਸਰਕਾਰ ਦੀ ਕਾਰਜ ਯੋਜਨਾ ਫੌਰੀ ਬਚਾਅ ਅਤੇ ਸਸਤੇ ਇਲਾਜ ਜਿਹੇ ਨੁਕਤਿਆਂ ’ਤੇ ਅਧਾਰਿਤ ਹੈ। ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦਾ ਸੂਬੇ ਦੇ ਲੋਕਾਂ ਵੱਲੋਂ ਸਵਾਗਤ ਕੀਤਾ ਤੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦਾ ਬੁੱਤ ਸਥਾਪਤ ਕਰਨ ਲਈ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਪਾਲ ਆਨੰਦੀਬੇਨ ਪਟੇਲ ਤੇ ਯੋਗੀ ਆਦਿੱਤਿਆਨਾਥ ਨੇ ਵੀ ਵਿਚਾਰ ਪ੍ਰਗਟਾਏ।