(ਸਮਾਜ ਵੀਕਲੀ)
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗੌਰ ਫਰਮਾਓ ।
ਦੱਸਣ ਲੱਗੀ ਹਾਂ ਥੋਨੂੰ ਮੈਂ ਇੱਥੋਂ ਤਕ ਕਿੰਜ ਪਹੁੰਚੀ ,
ਆਪਣੀਆਂ ਧੀਆਂ ਨੂੰ ਵੀ ਮੇਰੀ ਕਥਾ ਸੁਣਾਓ ।
ਕਿਤੇ ਮੇਰੇ ਵਾਲੀ ਗਲਤੀ ਨਾ ਕਰ ਲੈਣ ਉਹ ਵੀ,
ਇਸ ਤੋਂ ਪਹਿਲਾਂ ਮੇਰੀ ਹਾਲਤ ਤੁਸੀਂ ਵਾਖਾਇਓ।
ਇਹ ਭੂਤ ਇਸ਼ਕ ਅਕਲੋਂ ਅੰਨ੍ਹੀ ਕਰ ਦਿੰਦਾ ,
ਮੇਰੀ ਗੱਲ ਲਾਜ਼ਮੀ ਉਨ੍ਹਾਂ ਦੇ ਕੰਨ ਪਾਇਓ।
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗ਼ੌਰ ਫਰਮਾਓ ।
ਮੈਂ ਦਸਵੀਂ ਵਿੱਚ ਪੜ੍ਹਦੀ ਹੀਰ ਕਹਾਉਣ ਲੱਗੀ,
ਕਲਯੁੱਗੀ ਰਾਂਝੇ ਨੇ ਮੈਨੂੰ ਪਿਆਰ ਦੇ ਵਿੱਚ ਫਸਾਇਆ ।
ਮੇਰੇ ਮਾਪੇ ਵੀ ਮੈਨੂੰ ਜੱਜ ਬਣਾਉਣਾ ਚਾਹੁੰਦੇ ਸੀ,
ਪਰ ਮੈਂ ਮਹਿਲ ਉਮੀਦਾਂ ਵਾਲਾ ਲੋਕੋ ਢਾਹਿਆ ।
ਗਹਿਣਾ ਗੱਟਾ ਚੋਰੀ ਕਰ ਘਰੋਂ ਨੱਠ ਗਈ,
ਪਹੁੰਚੀ ਕਿੱਥੇ ਉਹ ਵੀ ਸਟੇਸ਼ਨ ਤੁਸੀਂ ਦਿਖਾਇਓ ।
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗ਼ੌਰ ਫਰਮਾਓ ।
ਮੇਰੇ ਮਾਪਿਆਂ ਨੇ ਵੀ ਮੈਂ ਲਾਡਾਂ ਨਾਲ ਪਾਲੀ ਸੀ ,
ਮੈਨੂੰ ਪਲਕਾਂ ਉੱਤੇ ਰੱਖਿਆ ਉਨ੍ਹਾਂ ਬਿਠਾ ਕੇ ।
ਜੀਹਦੀ ਪਤਨੀ ਬਣਨ ਦੇ ਸੁਪਨੇ ਵੇਖੇ ਅੱਖੀਆਂ ਨੇ,
ਉਹਨੇ ਕੋਠੇ ਉੱਤੇ ਵੇਚਿਆ ਮੈਨੂੰ ਲਿਜਾ ਕੇ ।
ਦੱਲਿਆਂ ਦੇ ਹੱਥ ਚੜ੍ਹੀ ਜਵਾਨੀ ਮੇਰੀ ਨੂੰ,
ਰੋ ਰੋ ਆਖਿਆ ਸੀਗਾ ਮੈਂ ਵੀ ਕੋਈ ਬਚਾਇਓ ।
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ ,
ਇੱਜ਼ਤ ਦਾਰੋ ਮੇਰੀ ਗੱਲ ਤੇ ਗੌਰ ਫ਼ੁਰਮਾਓ।
ਮਾਰ ਮਾਰ ਮੇਰਾ ਪਟੇ ਦੇਹੜਿਆ ਜੰਮ ਗਿਆ ,
ਭੁੱਖੀ ਪਿਆਸੀ ਰੱਖਿਆ ਜਿੰਦੇ ਕੂੰਡੇ ਲਾ ਕੇ ।
ਕਰ ਮਜਬੂਰ ਮੈਨੂੰ ਵੀ ਧੰਦੇ ਉੱਤੇ ਬਿਠਾ ਦਿੱਤਾ ,
ਅਧੀਆ ਦਾਰੂ ਦਾ ਧੱਕੇ ਦੇ ਨਾਲ ਪਿਲਾ ਕੇ ।
ਜਬਰਨ ਇੱਥੇ ਨਿੱਤ ਪਰਾਹੁਣਾ ਬਣਦਾ ਅੈ,
ਮਰਜ਼ੀ ਮੇਰੀ ਕਿੱਥੇ ਸ਼ਾਮਿਲ ਮੈਨੂੰ ਵਖਾਇਓ।
ਮੈਂ ਵੇਸਵਾ ਬੋਲ ਰਹੀਆਂ ਕੋਠੇ ਤੋਂ ,
ਇੱਜ਼ਤਦਾਰੋ ਮੇਰੀ ਗੱਲ ਤੇ ਗ਼ੌਰ ਫਰਮਾਓ ।
ਮਾਂ ਤਾਂ ਬਣ ਗਈਆਂ ਪਿਓ ਦਾ ਪਤਾ ਨਹੀਂ,
ਤਾਪ ਹਵਸ ਦਾ ਸੀ ਖੌਰੇ ਕੀਹਨੇ ਲਾਹਇਆ ।
ਵੇਸਵਾ ਦੀ ਧੀ ਸਿੱਖ ਜੇ ਆ ਉ ਮੰਜੇ ਥੱਲਿਓਂ ਈ ,
ਨਾ ਪਾਠ ਇੱਜ਼ਤ ਦਾ ਸਾਨੂੰ ਕਿਸੇ ਪੜ੍ਹਾਇਆ ।
ਹੱਥ ਜੋੜ ਕੇ ਕਰਾਂ ਬੇਨਤੀ ਕੁੜੀਆਂ ਚਿੜੀਆਂ ਨੂੰ,
ਗ਼ਲਤੀ ਨਾ ਮੇਰੀ ਮਿੰਨਤ ਨਾਲ ਦੁਹਰਾਓ।
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗੌਰ ਫਰਮਾਓ ।
ਮਰਦੀ ਨੂੰ ਅੱਕ ਚੱਬਣਾ ਪਿਆ ਬੇਚਾਰੀ ਨੂੰ ,
ਮੈਨੂੰ ਰਾਹ ਨਾ ਬਚਣ ਦਾ ਕਿਸੇ ਨੇ ਜਦੋਂ ਦਿਖਾਇਆ ।
ਸਾਡੀ ਨਾ ਮੰਤਰੀ ਨਾ ਕੋਈ ਲੀਡਰ ਸਾਰ ਲਵੇ,
ਕੋਈ ਸਕੂਲ ਕਾਲਜ ਨਾ ਸਾਡੇ ਲਈ ਬਣਾਇਆ ।
ਸਾਡੇ ਹੱਕ ਲਈ ਲੜਿਆ ਨਾ ਅੱਜ ਤਕ ਕੋਈ ,
ਨਾ ਸਾਨੂੰ ਸਾਡਾ ਕਿਸੇ ਨੇ ਹੱਕ ਦਵਾਇਆ ।
ਵੇਸਵਾ ਬੋਲ ਰਹੀ ਹਾਂ ਕੋਠੇ ਤੋਂ,
ਇੱਜ਼ਤ ਦਾਰੋ ਮੇਰੀ ਗੱਲ ਤੇ ਗੌਰ ਫਰਮਾਓ।
ਇੱਜ਼ਤਦਾਰ ਹੀ ਉਂਗਲਾਂ ਵੇਸਵਾ ਉੱਤੇ ਚੱਕ ਦੇ ਨੇ ,
ਮੂੰਹ ਕਰਦੇ ਕਾਲਾ ਕੋਠੇ ਤੇ ਜੋ ਆ ਕੇ ।
ਮੇਰੀ ਗੱਲ ਸੁਣਦੇ ਲਈ ਦਿਲੋਂ ਧੰਨਵਾਦ ਥੋਡਾ ,
ਧੀਆਂ ਰੱਖਿਓ ਤੁਸੀਂ ਹੈਵਾਨਾਂ ਕੋਲੋਂ ਬਚਾ ਕੇ ।
ਮਰਜ਼ੀ ਦੇ ਨਾਲ ਕੌਣ ਵੇਸਵਾ ਬਣਦੀ ਆ,
ਵੀਰਪਾਲ ਦੀ ਕਲਮ ਦਾ ਲਿਖਿਆ ਸੱਚ ਪਚਾਇਓ ।
ਮੈਂ ਵੇਸਵਾ ਬੋਲ ਰਹੀ ਹਾਂ ਕੋਠੇ ਤੋਂ ,
ਇੱਜ਼ਤਦਾਰੋ ਮੇਰੀ ਗੱਲ ਤੇ ਗ਼ੌਰ ਫਰਮਾਓ।
ਵੀਰਪਾਲ ਕੌਰ ਭੱਠਲ