ਹੇਗ : ਇੰਟਰਨੈਸ਼ਨਲ ਕ੍ਰਿਮੀਨਲ ਕੋਰਟ (ਆਈਸੀਸੀ) (ਕੌਮਾਂਤਰੀ ਅਪਰਾਧ ਅਦਾਲਤ) ਦੀ ਮੁੱਖ ਵਕੀਲ ਫਾਤੋਊ ਬੇਨਸਾਊਦਾ ਨੇ ਕਿਹਾ ਕਿ ਉਹ ਫਲਸਤੀਨ ਦੇ ਕੁਝ ਇਲਾਕਿਆਂ ‘ਚ ਹੋਏ ਕਥਿਤ ਜੰਗੀ ਅਪਰਾਧਾਂ ਦੀ ਵਿਸਥਾਰਤ ਜਾਂਚ ਸ਼ੁਰੂ ਕਰਨਾ ਚਾਹੁੰਦੀ ਹੈ। ਉਨ੍ਹਾਂ ਦੇ ਇਸ ਐਲਾਨ ‘ਤੇ ਇਜ਼ਰਾਈਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅਮਰੀਕਾ ਨੇ ਵੀ ਇਸ ਦੀ ਅਲੋਚਨਾ ਕੀਤਾ ਹੈ, ਜਦੋਂ ਕਿ ਫਲਸਤੀਨ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ।
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਹੇਗ ਸਥਿਤ ਆਈਸੀਸੀ ਯਹੂਦੀ ਦੇਸ਼ ਖ਼ਿਲਾਫ਼ ਇਕ ਸਿਆਸੀ ਹਥਿਆਰ ਬਣ ਗਿਆ ਹੈ। ਇਜ਼ਰਾਈਲ 2002 ‘ਚ ਗਠਿਤ ਇਸ ਕੌਮਾਂਤਰੀ ਅਦਾਲਤ ਦਾ ਹਿੱਸਾ ਬਣਨ ਤੋਂ ਨਾਂਹ ਕਰਦਾ ਰਿਹਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਈਸੀਸੀ ਦੀ ਮੁੱਖ ਵਕੀਲ ਫਾਤੋਊ ਨੇ ਇਕ ਬਿਆਨ ‘ਚ ਕਿਹਾ, ‘ਮੈਂ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਫਲਸਤੀਨ ਦੇ ਹਾਲਾਤ ਦੀ ਜਾਂਚ ਸ਼ੁਰੂ ਕਰਨ ਦਾ ਵਾਜਬ ਅਧਾਰ ਹੈ। ਮੈਨੂੰ ਲੱਗਦਾ ਹੈ ਕਿ ਪੂਰਬੀ ਯੇਰੂਸ਼ਲਮ ਤੇ ਗਾਜ਼ਾ ਪੱਟੀ ਸਮੇਤ ਵੈਸਟ ਬੈਂਕ ‘ਚ ਜੰਗੀ ਅਪਰਾਧ ਕੀਤੇ ਗਏ ਜਾਂ ਹੋ ਰਹੇ ਹਨ।’ ਹਾਲਾਂਕਿ ਉਨ੍ਹਾਂ ਕਥਿਤ ਯੁੱਧ ਅਪਰਾਧਾਂ ਨੂੰ ਅੰਜਾਮ ਦੇਣ ਵਾਲਿਆਂ ਦਾ ਕੋਈ ਵੇਰਵਾ ਨਹੀਂ ਦਿੱਤਾ। ਫਾਤੋਊ ਨੇ ਦੱਸਿਆ ਕਿ ਉਹ ਵਿਸਥਾਰਤ ਜਾਂਚ ਸ਼ੁਰੂ ਕਰਨ ਤੋਂ ਪਹਿਲਾਂ ਆਈਸੀਸੀ ਕੋਲੋਂ ਉਸ ਇਲਾਕੇ ਦੀ ਜਾਣਕਾਰੀ ਲਵੇਗੀ ਜੋ ਉਸ ਦੇ ਅਧਿਕਾਰ ਖੇਤਰ ‘ਚ ਆਉਂਦਾ ਹੈ। ਇਸ ਜਾਂਚ ਨੂੰ ਸ਼ੁਰੂ ਕਰਨ ਲਈ ਜੱਜਾਂ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਆਈਸੀਸੀ ਨਾਲ 2015 ‘ਚ ਜੁੜਨ ਵਾਲੇ ਫਲਸਤੀਨ ਨੇ ਜਾਂਚ ਦੀ ਬੇਨਤੀ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ, ‘ਅਸੀਂ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ ਵਾਲੀ ਕਿਸੇ ਵੀ ਕਾਰਵਾਈ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਫਲਸਤੀਨ ਖ਼ੁਦ-ਮੁਖਤਿਆਰ ਦੇਸ਼ ਨਹੀਂ ਹੈ ਇਸ ਲਈ ਉਹ ਕਿਸੇ ਕੌਮਾਂਤਰੀ ਸੰਗਠਨ ਦਾ ਮੈਂਬਰ ਬਣਨ ਦੀ ਯੋਗਤਾ ਨਹੀਂ ਰੱਖਦਾ।’ ਇਜ਼ਰਾਈਲ, ਅਮਰੀਕਾ ਦਾ ਮੁੱਖ ਸਹਿਯੋਗੀ ਦੇਸ਼ ਹੈ।
ਆਈਸੀਸੀ ਦੇ ਜੱਜਾਂ ਨੂੰ ਗਿ੍ਫ਼ਤਾਰ ਕਰਨ ਦੀ ਦਿੱਤੀ ਸੀ ਧਮਕੀ
ਇਸ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਅੰਦਾਜ਼ਾ ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਦੀ ਉਸ ਧਮਕੀ ਤੋਂ ਲਗਾਇਆ ਜਾ ਸਕਦਾ ਹੈ ਜਿਸ ‘ਚ ਉਨ੍ਹਾਂ ਪਿਛਲੇ ਸਾਲ ਕਿਹਾ ਸੀ ਕਿ ਇਜ਼ਰਾਈਲ ਜਾਂ ਅਮਰੀਕਾ ਖ਼ਿਲਾਫ਼ ਕੋਈ ਕਦਮ ਚੁੱਕਿਆ ਜਾਂਦਾ ਹੈ ਤਾਂ ਆਈਸੀਸੀ ਦੇ ਜੱਜਾਂ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।
2015 ‘ਚ ਹੋਈ ਸੀ ਮੁੱਢਲੀ ਜਾਂਚ
ਆਈਸੀਸੀ ਦੀ ਮੁੱਖ ਵਕੀਲ ਫਾਤੋਊ ਨੇ ਇਜ਼ਰਾਈਲ ਤੇ ਫਲਸਤੀਨੀ ਇਲਾਕਿਆਂ ‘ਚ ਹੋਏ ਕਥਿਤ ਜੰਗੀ ਅਪਰਾਧਾਂ ਦੀ ਜਨਵਰੀ 2015 ‘ਚ ਮੁੱਢਲੀ ਜਾਂਚ ਕੀਤੀ ਸੀ। 2014 ‘ਚ ਹੋਈ ਗਾਜ਼ਾ ਜੰਗ ‘ਚ ਫਲਸਤੀਨ ਵੱਲੋਂ 2251 ਲੋਕਾਂ ਦੀ ਮੌਤ ਹੋਈ ਸੀ, ਇਨ੍ਹਾਂ ‘ਚ ਜ਼ਿਆਦਾਤਰ ਫਲਸਤੀਨੀ ਨਾਗਰਿਕ ਸਨ ਜਦੋਂ ਕਿ ਇਜ਼ਰਾਈਲ ‘ਚ 74 ਲੋਕਾਂ ਦੀ ਮੌਤ ਹੋਈ ਸੀ। ਹਾਲਾਂਕਿ ਕਿ ਮੁੱਢਲੀ ਜਾਂਚ ਤੋਂ ਬਾਅਦ ਆਈਸੀਸੀ ਦੀ ਵਿਸਥਾਰਤ ਜਾਂਚ ਮੁਮਕਿਨ ਨਹੀਂ ਹੋ ਸਕੀ ਸੀ।