ਬਰਨਾਲਾ : ਅਕਾਲੀ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਨੂੰ ਤੱਤਕਾਲੀ ਡੀਐੱਸਪੀ ਸਮੇਤ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟ-ਕੁੱਟ ਕੇ ਅਧਮੋਇਆ ਕਰਨ ਦੇ ਮਾਮਲੇ ਵਿਚ 25 ਸਾਲ ਬਾਅਦ ਫ਼ੈਸਲਾ ਆਇਆ।
ਸ਼ਨਿਚਰਵਾਰ ਨੂੰ ਏਸੀਜੇਐੱਮ ਅਮਰਿੰਦਰਪਾਲ ਸਿੰਘ ਦੀ ਅਦਾਲਤ ਨੇ ਸਾਰਿਆਂ ਨੂੰ ਦੋਸ਼ੀ ਕਰਾਰ ਦਿੰਦਿਆਂ ਸਾਢੇ ਚਾਰ-ਸਾਢੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ। ਦੋਸ਼ੀਆਂ ਨੂੰ ਇਕ-ਇਕ ਹਜ਼ਾਰ ਰੁਪਏ ਜੁਰਮਾਨਾ ਵੀ ਦੇਣਾ ਪਵੇਗਾ। ਭੋਲਾ ਸਿੰਘ ਵਿਰਕ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਦੌੜ (ਬਰਨਾਲਾ) ਅਤੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਦੱਸਿਆ ਕਿ 9 ਫਰਵਰੀ 1995 ਦੀ ਰਾਤ ਇਕ ਵਜੇ ਤੱਤਕਾਲੀ ਡੀਐੱਸਪੀ ਮਹਿੰਦਰਪਾਲ ਸ਼ੋਕਰ ਆਪਣੇ ਗੰਨਮੈਨ ਭਜਨ ਸਿੰਘ, ਤੱਤਕਾਲੀ ਕਾਂਸਟੇਬਲ ਦਲੇਰ ਸਿੰਘ ਤੇ ਗੁਰਚਰਨ ਸਿੰਘ ਨਾਲ ਆਇਆ।
ਸਾਰਿਆਂ ਨੇ ਉਸ ਨੂੰ ਜਿਪਸੀ ਵਿਚ ਬਿਠਾ ਲਿਆ ਤੇ ਕਾਲਜ ਰੋਡ ਹੁੰਦਿਆਂ ਜ਼ਿਲ੍ਹਾ ਜੇਲ੍ਹ ਦੇ ਅੱਗੇ ਬਾਜ਼ਾਰ ਵਿਚ ਲਿਜਾ ਕੇ ਕਰੀਬ ਪੰਜ ਘੰਟੇ ਮਾਰਦੇ ਕੁੱਟਦੇ ਰਹੇ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਸਵੇਰੇ ਛੇ ਵਜੇ ਦੇ ਕਰੀਬ ਉਸ ਨੂੰ ਸਰਕਾਰੀ ਸਕੂਲ ਨੇੜੇ ਆਰੀਆ ਵਾਲੀ ਗਲੀ ਵਿਚ ਸੁੱਟ ਗਏ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਆਪਣੇ ਦੋਸਤ ਜਤਿੰਦਰ ਬਹਾਦਰਪੁਰੀਆ ਦੇ ਘਰ ਪੁੱਜਿਆ ਜਿੱਥੋਂ ਉਸ ਦੀ ਹਾਲਤ ਦੇਖਦਿਆਂ ਉਸ ਦੇ ਦੋਸਤ ਨੇ ਉਸ ਨੂੰ ਡੀਐੱਮਸੀ ਲੁਧਿਆਣਾ ਦਾਖ਼ਲ ਕਰਵਾਇਆ।
ਉੱਥੇ ਤਤਕਾਲੀ ਥਾਣਾ ਸਿਟੀ ਦੇ ਐੱਸਐੱਚਓ ਸੁਰਿੰਦਰਪਾਲ ਨੇ ਬਿਆਨ ਦਰਜ ਕਰ ਕੇ ਚਾਰਾਂ ਪੁਲਿਸ ਵਾਲਿਆਂ ਵਿਰੁੱਧ ਕੇਸ ਦਰਜ ਕਰ ਲਿਆ। ਵਿਰਕ ਨੇ ਦੱਸਿਆ ਕਿ ਕਈ ਮੁਸ਼ਕਿਲਾਂ ਤੋਂ ਬਾਅਦ ਆਖ਼ਰ ਮਾਮਲਾ ਅਦਾਲਤ ਪੁੱਜਾ ਤੇ ਸ਼ਨਿਚਰਵਾਰ ਅਦਾਲਤ ਨੇ ਚਾਰਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਕਤ ਸਜ਼ਾ ਸੁਣਾਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਿਨ੍ਹਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਹੈ, ਉਹ ਉਨ੍ਹਾਂ ਵਿਰੁੱਧ ਵੀ ਅਦਾਲਤ ਜਾਣਗੇ।