ਸੋਸ਼ਲ ਐਜੂਕੇਸ਼ਨ ਵੋਲੰਟਰੀ ਐਸੋਸੀਐਸ਼ਨ (ਸੇਵਾ ਟਰੱਸਟ ਯੂ. ਕੇ.) ਜੋ ਇੰਗਲੈਂਡ ਦੇ ਬੈਡਫੋਰਡ ਸ਼ਹਿਰ ਵਿੱਚ ਸਥਿਤ ਚੈਰਿਟੀ ਹੈ, ਵੱਲੋਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੜੂੰਦੀ ਦੇ ਪ੍ਰਾਇਮਰੀ ਸਕੂਲ ਵਿੱਚ ਸੋਲਰ ਪਾਵਰ ਪਲਾਂਟ ਲਗਵਾਇਆ ਗਿਆ ਹੈ ਜਿਸ ਦਾ ਉਦਘਾਟਨ ਪੰਜਾਬ ਸਟੇਟ ਕੌਆਰਡੀਨੇਟਰ ਸਮਾਰਟ ਸਕੂਲਜ਼ ਮੰਜੂ ਭਾਰਦਵਾਜ, ਲੁਧਿਆਣਾ ਜ਼ਿਲ੍ਹੇ ਦੀ ਸਿੱਖਿਆ ਅਫ਼ਸਰ ਰਾਜਿੰਦਰ ਕੌਰ ਅਤੇ ਸੇਵਾ ਟਰੱਸਟ ਯੂ. ਕੇ. ਦੇ ਚੈਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਕੀਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੌਰ ਅਤੇ ਸਟੇਟ ਕੌਆਰਡੀਨੇਟਰ ਮੰਜੂ ਭਾਰਦਵਾਜ ਨੇ ਕਿਹਾ ਕਿ ਇਹ ਸੋਲਰ ਪਲਾਂਟ ਪੰਜਾਬ ਦਾ ਪਹਿਲਾ ਪਲਾਂਟ ਹੈ ਜੋ ਕਿਸੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲੱਗਾ ਹੈ। ਸਮੁੱਚੇ ਪੰਜਾਬ ਸਟੇਟ ਵਿੱਚ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਜਿਹਾ ਸੋਲਰ ਪਲਾਂਟ ਨਹੀਂ ਹੈ ਜਿਸ ਦੁਆਰਾ ਸਕੂਲ ਦੀਆਂ ਬਿਜਲੀ ਸੰਬੰਧੀ ਲੋੜਾਂ ਨਾ ਸਿਰਫ਼ ਪੂਰੀਆਂ ਹੋਣਗੀਆਂ ਸਗੋਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਵੀ ਸਹਾਈ ਹੋਵੇਗਾ ਕਿਉਂਕਿ ਸੂਰਜੀ ਊਰਜਾ ਤੋਂ ਬਣੀ ਬਿਜਲੀ ਉਤਪਾਦਨ ਕਰਨ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਇਆ ਸਕਦਾ ਹੈ। ਸੇਵਾ ਟਰੱਸਟ ਦੇ ਚੈਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਜਿੰਨਾ ਦੀ ਨਿਗਰਾਨੀ ਹੇਠ ਇਹ ਪ੍ਰੋਜੈਕਟ ਨੇਪਰੇ ਚੜ੍ਹਿਆ ਹੈ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਜਿੱਥੇ ਸੇਵਾ ਟਰੱਸਟ ਵੱਲੋਂ ਸਿੱਖਿਆ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਅਤੇ ਵਿੱਦਿਅਕ ਸੰਸਥਾਵਾਂ ਵੀ ਬੇਹਤਰੀ ਲਈ ਕੰਮ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ੧੫੦ ਤੋਂ ਵਧੇਰੇ ਗਰੀਬ ਬੱਚਿਆਂ ਦੀ ਮਦਦ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਟਰੱਸਟ ਵੱਲੋਂ ਲਾਗਲੇ ਸ਼ਹਿਰ ਰਾਇਕੋਟ ਦੀ ਸੰਸਥਾ ਇੱਕ ਨਵੀਂ ਉਮੀਦ ਜੋ ਅਪਾਹਜਾਂ ਅਤੇ ਮੰਦਬੁੱਧੀ ਬੱਚਿਆਂ ਲਈ ਸਕੂਲ ਚਲਾ ਰਹੀ ਹੈ ਅਤੇ ਸਰਕਾਰੀ ਸਕੂਲ ਬੜੂੰਦੀ ਲਈ ਵਿੱਦਿਅਕ ਗਰਾਂਟਾਂ ਦੇ ਚੈੱਕ ਭੇਟ ਕੀਤੇ ਗਏ। ਇਸ ਮੌਕੇ ‘ਤੇ ਇਲਾਕੇ ਦੇ ਮੌਜੂਦਾ ਅਤੇ ਸਾਬਕਾ ਸਰਪੰਚ, ਪੰਚਾਇਤਾਂ ਦੇ ਨੁਮਾਇੰਦਗੀ ਅਤੇ ਵਿੱਦਿਅਕ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਅਤੇ ਚੈਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਹੋਏ। ਸੇਵਾ ਟਰੱਸਟ ਯੂ. ਕੇ. ਜ਼ਿਲ੍ਹਾ ਕੌਆਰਡੀਨੇਟਰ ਮਾਸਟਰ ਕੁਲਵੰਤ ਸਿੰਘ ਦੇ ਟਰੱਸਟ ਵੱਲੋਂ ਚਲਾਏ ਜਾ ਰਹੇ ਕਾਰਜਾਂ ਦਾ ਵੇਰਵਾ ਦਿ ੱਤਾ ਅਤੇ ਅੰਤ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਰਟਾਇਰਡ ਹੈਡਮਾਸਟਰ ਅਤੇ ਸਮਾਜ ਸੇਵੀ ਸ਼ ਨਰਿੰਦਰ ਸਿੰਘ ਸੇਖੋਂ ਨੇ ਕੀਤਾ। ਉਨ੍ਹਾਂ ਕਿਹਾ ਕਿ ਸੇਵਾ ਟਰੱਸਟ ਵਰਗੀਆਂ ਸੰਸਥਾਵਾਂ ਜੋ ਵਿੱਦਿਆ ਮਿਆਰ ਉੱਪਰ ਚੁੱਕਣ ਲਈ ਕੰਮ ਕਰ ਰਹੀਆਂ ਹਨ। ਸਭ ਨੂੰ ਰਲ ਕੇ ਐਸੇ ਕਾਰਜਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ।