ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਇਕਜੁੱਟ ਹੋ ਕੇ ਸੰਘਰਸ਼ ਦਾ ਦਿੱਤਾ ਸੱਦਾ
ਬਠਿੰਡਾ ਮਾਲਵਾ ਪੱਟੀ ’ਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਰੋਹ ਭਖਣ ਲੱਗਿਆ ਹੈ। ਦਿੱਲੀ ਪੁਲੀਸ ਵੱਲੋਂ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਮਗਰੋਂ ਇਨਕਲਾਬੀ ਧਿਰਾਂ ਨੇ ਹਿਲ-ਜੁਲ ਸ਼ੁਰੂ ਕਰ ਦਿੱਤੀ ਹੈ। ਕਾਲਜਾਂ ਦੇ ਵਿਦਿਆਰਥੀ ਵੀ ਮੈਦਾਨ ਵਿਚ ਉਤਰਨ ਦੀ ਤਿਆਰੀ ਕਰ ਰਹੇ ਹਨ। ਉਧਰ ਕੇਂਦਰੀ ਯੂਨੀਵਰਸਿਟੀ ਵਿਚ ਵਿਦਿਆਰਥੀ ਰੋਹ ਉੱਠਣ ਤੋਂ ਪਹਿਲਾਂ ਹੀ ਠੰਢਾ ਪੈ ਗਿਆ। ’ਵਰਸਿਟੀ ਪ੍ਰਸ਼ਾਸਨ ਨੇ ‘ਹਾਲੀਡੇ ਬਰੇਕ’ ਕਾਰਨ ਸੁੱਖ ਦਾ ਸਾਹ ਲਿਆ ਹੈ। ਜਾਣਕਾਰੀ ਮੁਤਾਬਕ ਸੋਮਵਾਰ ਨੂੰ ਕੈਂਪਸ ਅੰਦਰ ਵਿਦਿਆਰਥੀਆਂ ਨੇ ਜਾਮੀਆ ਮਿਲੀਆ ਘਟਨਾ ਦੇ ਰੋਹ ਵਜੋਂ ਪੋਸਟਰ ਵਗੈਰਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲ ਸਕੀ। ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਦਾ ਕੈਂਪਸ ਬਠਿੰਡਾ ਦੀ ਪੁਰਾਣੀ ਧਾਗਾ ਮਿੱਲ ਵਿਚ ਹੈ ਜਿਥੇ ਕਰੀਬ 1050 ਵਿਦਿਆਰਥੀ ਪੜ੍ਹ ਰਹੇ ਹਨ ਜਿਨ੍ਹਾਂ ’ਚੋਂ ਕਰੀਬ 200 ਵਿਦਿਆਰਥੀ ਹੀ ਪੰਜਾਬ ਨਾਲ ਸਬੰਧਤ ਹਨ। ਯੂਨੀਵਰਸਿਟੀ ਵਿਚ 14 ਦਸੰਬਰ ਨੂੰ ਸਮੈਸਟਰ ਪ੍ਰੀਖਿਆ ਖ਼ਤਮ ਹੋਣ ਮਗਰੋਂ ਛੁੱਟੀਆਂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਬਹੁਗਿਣਤੀ ਵਿਦਿਆਰਥੀ ਆਪੋ ਆਪਣੇ ਰਾਜਾਂ ’ਚ ਚਲੇ ਗਏ ਹਨ। ਉਂਜ 14 ਦਸੰਬਰ ਨੂੰ ਕੈਂਪਸ ’ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਵਿਦਿਆਰਥੀਆਂ ਨੇ ਰੋਸ ਵਿਖਾਵਾ ਕੀਤਾ ਸੀ। ਬਠਿੰਡਾ ਵਿਚ ਜਮਹੂਰੀ ਅਧਿਕਾਰ ਸਭਾ ਵੱਲੋਂ ਕੱਲ ਮੁਜ਼ਾਹਰਾ ਕੀਤਾ ਗਿਆ ਸੀ। ਜ਼ੀਰਾ ਵਿਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੀਟਿੰਗ ਕਰਕੇ ਕਾਨੂੰਨ ਖਿਲਾਫ਼ ਰੋਸ ਜ਼ਾਹਰ ਕੀਤਾ। ਲੋਕ ਮੋਰਚਾ ਵੱਲੋਂ ਵੀ ਮਲੋਟ ਵਿਚ ਅੱਜ ਰੋਸ ਜ਼ਾਹਰ ਕੀਤਾ ਗਿਆ। ਇਸ ਤੋਂ ਪਹਿਲਾਂ ਮਾਲੇਰਕੋਟਲਾ ਵਿਚ ਵੀ ਵੱਡਾ ਰੋਸ ਮੁਜ਼ਾਹਰਾ ਹੋ ਚੁੱਕਾ ਹੈ। ‘ਸੁਰਖ ਲੀਹ’ ਦੇ ਸੰਪਾਦਕ ਪਾਵੇਲ ਕੁਸਾ ਨੇ ਦੱਸਿਆ ਕਿ 19 ਦਸੰਬਰ ਨੂੰ ਬਠਿੰਡਾ ਵਿਚ ਲੋਕ ਮੋਰਚਾ ਪੰਜਾਬ ਅਤੇ ਨੌਜਵਾਨ ਸਭਾ ਵੱਲੋਂ ਸਾਂਝੇ ਤੌਰ ’ਤੇ ਇਸ ਕਾਨੂੰਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਬਰਨਾਲਾ ਵਿਚ ਇਨਕਲਾਬੀ ਕੇਂਦਰ, ਜਮਹੂਰੀ ਅਧਿਕਾਰ ਸਭਾ ਅਤੇ ਕਿਸਾਨ ਸਾਂਝੇ ਤੌਰ ’ਤੇ ਰੋਸ ਜ਼ਾਹਰ ਕਰ ਚੁੱਕੇ ਹਨ।