ਚੰਡੀਗੜ੍ਹ ਵਿੱਚ ਸਰੋਤ ਪੱਧਰ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਚੁੱਕਣ ਲਈ ਨਗਰ ਨਿਗਮ ਵੱਲੋਂ ਸ਼ਹਿਰ ਦੇ ਡੋਰ-ਟੂ-ਡੋਰ ਗਾਰਬੇਜ ਕੁਲੈਕਟਰਾਂ ਨਾਲ ਕੀਤੇ ਗਏ ਸਮਝੌਤੇ ’ਤੇ ਚਰਚਾ ਕਰਨ ਲਈ ਅੱਜ ਨਿਗਮ ਹਾਊਸ ਦੀ ਵਿਸ਼ੇਸ ਮੀਟਿੰਗ ਸੱਦੀ ਗਈ। ਇਸ ਦੌਰਾਨ ਸ਼ਹਿਰ ਦੇ ਵੈਂਡਰਾਂ ਨੂੰ ਸ਼ਿਫਟ ਕਰਨ ਦਾ ਮੁੱਦਾ ਭਾਰੂ ਰਿਹਾ। ਮੀਟਿੰਗ ਦੌਰਾਨ ਕੂੜਾ ਪ੍ਰਬੰਧਨ ਨੂੰ ਲੈਕੇ ਪੇਸ਼ ਤਜਵੀਜ਼ ਨੂੰ ਨਿਗਮ ਹਾਊਸ ਨੇ ਪ੍ਰਵਾਨਗੀ ਦੇ ਦਿੱਤੀ। ਦੂਜੇ ਪਾਸੇ ਸ਼ਹਿਰ ਦੇ ਵੈਂਡਰ ਅਤੇ ਡੋਰ-ਟੂ-ਡੋਰ ਗਾਰਬੇਜ ਕੁਲੈਕਟਰ ਆਪਣੀਆਂ ਮੰਗਾਂ ਨੂੰ ਲੈਕੇ ਨਿਗਮ ਭਵਨ ਦੇ ਬਾਹਰ ਨਾਅਰੇਬਾਜ਼ੀ ਕਰਦੇ ਰਹੇ। ਨਿਗਮ ਹਾਊਸ ਅੰਦਰ ਮੀਟਿੰਗ ਦੌਰਾਨ ਜ਼ਿਆਦਾਤਰ ਕੌਂਸਲਰ ਆਪਣੇ ਇਲਾਕਿਆਂ ਦੇ ਵੈਂਡਰਾਂ ਨੂੰ ਸ਼ਿਫਟ ਹੋਣ ਤੋਂ ਦੁਖੀ ਨਜ਼ਰ ਆਏ ਅਤੇ ਨਿਗਮ ਪ੍ਰਸ਼ਾਸਨ ਨਾਲ ਬਹਿਸਬਾਜ਼ੀ ਕਰਦੇ ਰਹੇ। ਇਹ ਸਿਲਸਿਲਾ ਮੀਟਿੰਗ ਦੌਰਾਨ ਦੁਪਿਹਰ ਇੱਕ ਵਜੇ ਤੱਕ ਜਾਰੀ ਰਿਹਾ। ਵੈਂਡਰਾਂ ਦਾ ਕੰਮ ਧੰਧਾ ਚੌਪਟ ਹੋਣ ਦੀਆਂ ਸ਼ਿਕਾਇਤਾਂ ਬਾਰੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਅਜਿਹੇ ਵੈਂਡਰਾਂ ਨੂੰ ਆਪਣਾ ਟਰੇਡ ਬਦਲਣ ਦੀ ਆਗਿਆ ਦਿੱਤੀ ਜਾਵੇਗੀ। ਸਾਬਕਾ ਮੇਅਰ ਅਰੁਣ ਸੂਦ ਨੇ ਨਿਗਮ ਪ੍ਰਸ਼ਾਸਨ ਤੋਂ ਪੁੱਛਿਆ ਕਿ ਸੈਕਟਰ-37 ਤੋਂ ਵੈਂਡਰਾਂ ਨੂੰ ਕਿਉਂ ਸ਼ਿਫਟ ਕੀਤਾ ਗਿਆ ਹੈ ਜਦੋਂਕਿ ਕੌਂਸਲਰ ਰਾਜ ਬਾਲਾ ਮਲਿਕ ਦਾ ਸਵਾਲ ਸੀ ਕਿ ਸੈਕਟਰ-15 ਵਿੱਚ ਸਭ ਤੋਂ ਜ਼ਿਆਦਾ ਵੈਂਡਰ ਕਿਉਂ ਭੇਜੇ ਗਏ ਹਨ। ਕੌਂਸਲਰ ਹੀਰਾ ਨੇਗੀ ਨੇ ਮੰਗ ਕੀਤੀ ਕਿ ਜਿਨ੍ਹਾਂ ਵੈਂਡਰਾਂ ਨੇ ਰਜਿਸਟਰੇਸ਼ਨ ਫੀਸ ਜਮ੍ਹਾਂ ਨਹੀਂ ਕਰਵਾਈ, ਉਨ੍ਹਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ। ਕੌਂਸਲਰ ਅਨਿਲ ਦੂਬੇ ਨੂੰ ਵੀ ਆਪਣੇ ਵਾਰਡ ਤੋਂ ਸ਼ਿਫਟ ਕੀਤੇ ਵੈਂਡਰਾਂ ਦਾ ਦੁੱਖ ਸਤਾ ਰਿਹਾ ਸੀ। ਸਾਬਕਾ ਮੇਅਰ ਤੇ ਕੌਂਸਲਰ ਦੇਵੇਸ਼ ਮੋਦਗਿਲ ਵਲੋਂ ਕੀਤੇ ਸਵਾਲ ਦੇ ਜਵਾਬ ਵਿੱਚ ਮੇਅਰ ਰਾਜੇਸ਼ ਕਾਲੀਆ ਨੇ ਦੱਸਿਆ ਕਿ ਨਿਗਮ ਦੇ ਰਿਕਾਰਡ ਅਨੁਸਾਰ ਸ਼ਹਿਰ ਵਿੱਚ 1447 ਡੋਰ-ਟੂ-ਡੋਰ ਕੂੜਾ ਕੁਲੈਕਟਰ ਰਜਿਸਟਰਡ ਹਨ ਅਤੇ ਇਨ੍ਹਾਂ ਦੀ ਸੰਖਿਆ ਵੱਧ ਵੀ ਹੋ ਸਕਦੀ ਹੈ। ਦੂਜੇ ਪਾਸੇ ਨਿਗਮ ਹਾਊਸ ਨੇ ਚੰਡੀਗੜ੍ਹ ਵਿੱਚ ਸਰੋਤ ਪੱਧਰ ’ਤੇ ਗਿੱਲਾ ਤੇ ਸੁੱਕਾ ਕੂੜਾ ਇਕੱਤਰ ਕਰਨ ਨੂੰ ਲੈਕੇ ਡੋਰ ਟੂ ਡੋਰ ਗਾਰਬੇਜ ਕੂਲੈਕਟਰਾਂ ਨਾਲ ਕੀਤੇ ਸਮਝੌਤੇ ਨੂੰ ਹਰੀ ਝੰਡੀ ਦੇ ਦਿੱਤੀ ਹੈ।
INDIA ਗਿੱਲਾ ਤੇ ਸੁੱਕਾ ਕੂੜਾ ਵੱਖਰਾ ਚੁੱਕਣ ਸਬੰਧੀ ਸਮਝੌਤੇ ਨੂੰ ਹਰੀ ਝੰਡੀ