ਦਸ ਸਾਲ ਮਗਰੋਂ ਆਪਣੀ ਸਰਜ਼ਮੀਨ ’ਤੇ ਟੈਸਟ ਕ੍ਰਿਕਟ ਦੀ ਮੇਜ਼ਬਾਨੀ ਕਰ ਰਹੇ ਪਾਕਿਸਤਾਨ ਨੇ 16 ਸਾਲ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੀਆਂ ਦੋ ਵਿਕਟਾਂ ਦੀ ਬਦੌਲਤ ਪਹਿਲੇ ਦਿਨ ਸ੍ਰੀਲੰਕਾ ’ਤੇ ਦਬਦਬਾ ਬਣਾ ਲਿਆ। ਸ੍ਰੀਲੰਕਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ। ਉਸ ਨੇ ਟੈਸਟ ਮੈਚ ਦੇ ਪਹਿਲੇ ਦਿਨ ਖ਼ਰਾਬ ਰੌਸ਼ਨੀ ਕਾਰਨ 20.5 ਓਵਰ ਪਹਿਲਾਂ ਖੇਡ ਖ਼ਤਮ ਹੋਣ ਤੱਕ ਪੰਜ ਵਿਕਟਾਂ ’ਤੇ 202 ਦੌੜਾਂ ਬਣਾਈਆਂ। ਪਹਿਲੇ ਦਿਨ ਸਟੰਪ ਤੱਕ ਧਨੰਜੈ ਡੀਸਿਲਵਾ 38 ਦੌੜਾਂ ਅਤੇ ਨਿਰੋਸ਼ਨ ਡਿਕਵੇਲਾ 11 ਦੌੜਾਂ ਬਣਾ ਕੇ ਖੇਡ ਰਹੇ ਸਨ। ਦਸ ਸਾਲ ਮਗਰੋਂ ਪਾਕਿਸਤਾਨ ਵਿੱਚ ਹੋ ਰਿਹਾ ਪਹਿਲਾ ਟੈਸਟ ਵੇਖਣ ਲਈ ਅੱਠ ਹਜ਼ਾਰ ਦਰਸ਼ਕ ਮੈਦਾਨ ਮੌਜੂਦ ਸਨ। ਉਨ੍ਹਾਂ ਨੇ ਮੇਜ਼ਬਾਨ ਕਪਤਾਨ ਅਜ਼ਹਰ ਅਲੀ ਦਾ ਟਾਸ ਲਈ ਉਤਰਨ ਮੌਕੇ ਨਾਹਰਿਆਂ ਅਤੇ ਕੌਮੀ ਗੀਤ ਨਾਲ ਇਸਤਕਬਾਲ ਕੀਤਾ। ਮਾਰਚ 2009 ਵਿੱਚ ਲਾਹੌਰ ਵਿੱਚ ਸ੍ਰੀਲੰਕਾਈ ਟੀਮ ਦੇ ਬਸ ਕਾਫ਼ਲੇ ’ਤੇ ਅਤਿਵਾਦੀ ਹਮਲੇ ਮਗਰੋਂ ਪਾਕਿਸਤਾਨ ਵਿੱਚ ਇਹ ਪਹਿਲੀ ਟੈਸਟ ਲੜੀ ਹੈ। ਕਪਤਾਨ ਦਿਮੁਤ ਕਰੁਣਾਰਤਨੇ (59 ਦੌੜਾਂ) ਅਤੇ ਓਸ਼ਾਡਾ ਫਰਨੈਂਡੋ (40 ਦੌੜਾਂ) ਨੇ 96 ਦੌੜਾਂ ਦੀ ਭਾਈਵਾਲੀ ਕਰਕੇ ਸ੍ਰੀਲੰਕਾ ਨੂੰ ਚੰਗੀ ਸ਼ੁਰੂਆਤ ਦਿਵਾਈ, ਪਰ ਮਗਰੋਂ ਬੱਲੇਬਾਜ਼ ਉਸ ਦਾ ਫ਼ਾਇਦਾ ਨਹੀਂ ਉਠਾ ਸਕੇ। ਸ੍ਰੀਲੰਕਾ ਨੇ ਲੰਚ ਮਗਰੋਂ 31 ਦੌੜਾਂ ਦੇ ਅੰਦਰ ਚਾਰ ਵਿਕਟਾਂ ਗੁਆ ਲਈਆਂ। ਕਰੁਣਾਂਰਤਨੇ ਨੇ 110 ਗੇਂਦਾਂ ਦੀ ਆਪਣੀ ਪਾਰੀ ਵਿੱਚ ਨੌਂ ਚੌਕੇ ਮਾਰੇ।
Sports ਪਹਿਲਾ ਟੈਸਟ: ਪਾਕਿਸਤਾਨ ਨੇ ਸ੍ਰੀਲੰਕਾ ’ਤੇ ਦਬਦਬਾ ਬਣਾਇਆ