ਲੁਧਿਆਣਾ- ਕਤਲ ਦੀ ਕੋਸ਼ਿਸ਼ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ’ਤੇ ਚੱਲ ਰਹੇ ਹੈਬੋਵਾਲ ਕਲਾਂ ਦੇ ਗੋਪਾਲ ਨਗਰ ਵਾਸੀ ਅਕਸ਼ੈ ਕੁਮਾਰ (18) ਨੇ ਮੰਗਲਵਾਰ ਦੀ ਸਵੇਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅਕਸ਼ੈ ’ਤੇ ਸਤੰਬਰ ਮਹੀਨੇ ’ਚ ਥਾਣਾ ਹੈਬੋਵਾਲ ’ਚ ਕਤਲ ਦਾ ਕੇਸ ਦਰਜ ਹੋਇਆ ਸੀ। ਘਟਨਾ ਦਾ ਪਤਾ ਉਸ ਵੇਲੇ ਲੱਗਿਆ, ਜਦੋਂ ਉਸ ਦੇ ਪਰਿਵਾਰ ਵਾਲੇ ਉਪਰ ਕਮਰੇ ’ਚ ਗਏ। ਅੰਦਰ ਲਾਸ਼ ਲਟਕਦੀ ਦੇਖ ਉਨ੍ਹਾਂ ਦੇ ਹੋਸ਼ ਉਡ ਗਏ। ਪਰਿਵਾਰ ਵਾਲੇ ਅਕਸ਼ੈ ਨੂੰ ਥੱਲੇ ਉਤਾਰ ਕੇ ਤੁਰੰਤ ਡੀਐਮਸੀ ਹਸਪਤਾਲ ਲੈ ਕੇ ਪੁੱਜੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਅਕਸ਼ੈ ’ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਵਾਇਆ ਸੀ, ਉਨ੍ਹਾਂ ਵੱਲੋਂ ਲਗਾਤਾਰ ਅਕਸ਼ੈ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਕਾਰਨ ਉਹ ਕਾਫ਼ੀ ਸਹਿਮਿਆ ਹੋਇਆ ਸੀ ਤੇ ਪ੍ਰੇਸ਼ਾਨ ਸੀ।
ਥਾਣਾ ਹੈਬੋਵਾਲ ਦੇ ਐਸਐਚਓ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਅਕਸ਼ੈ ਮਜ਼ਦੂਰੀ ਕਰਦਾ ਸੀ ਤੇ ਕਰੀਬ ਦੋ ਮਹੀਨੇ ਪਹਿਲਾਂ ਸਤੰਬਰ ਮਹੀਨੇ ’ਚ ਅਕਸ਼ੈ ਦਾ ਕਿਸੇ ਨਾਲ ਝਗੜਾ ਹੋ ਗਿਆ ਸੀ। ਦੂਸਰੇ ਪੱਖ ਨੇ ਉਸ ਖਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰਵਾ ਦਿੱਤਾ ਸੀ। ਉਹ ਗ੍ਰਿਫ਼ਤਾਰ ਨਹੀਂ ਹੋ ਪਾਇਆ ਸੀ ਤੇ ਪੰਜਾਬ ਤੇ ਹਰਿਆਣਾ ਹਾਈਕੋੲਟ ਤੋਂ ਅਗਾਊਂ ਜ਼ਮਾਨਤ ’ਤੇ ਬਾਹਰ ਚੱਲ ਰਿਹਾ ਸੀ। ਮੰਗਲਵਾਰ ਦੀ ਸਵੇਰੇ ਉਹ ਘਰ ’ਚ ਹੀ ਸੀ ਜਿਥੇ ਉਸ ਨੇ ਖੁਦਕੁਸ਼ੀ ਕਰ ਲਈ। ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਹਾਲੇ ਤੱਕ ਦੀ ਜਾਂਚ ’ਚ ਇਹੀ ਪਤਾ ਲੱਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਅਕਸ਼ੈ ’ਤੇ ਕੇਸ ਦਰਜ ਕਰਵਾਇਆ ਸੀ, ਉਹ ਉਸ ਨੂੰ ਧਮਕੀਆਂ ਦੇ ਰਹੇ ਸਨ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਕੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਵਾਲਿਆਂ ਨਾਲ ਗੱਲ ਕਰਨ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਮ੍ਰਿਤਕ ਅਕਸ਼ੈ ਕੁਮਾਰ ਦੇ ਪਿਤਾ ਸੁਰੇਸ਼ ਪਾਲ ਦੀ ਸ਼ਿਕਾਇਤ ’ਤੇ ਪੁਲੀਸ ਨੇ ਥਾਣਾ ਹੈਬੋਵਾਲ ’ਚ ਸ਼ੈਂਕੀ, ਰਾਕੇਸ਼ ਕੁਮਾਰ, ਸੰਨੀ ਪੱਬੀ ਤੇ ਰੋਸ਼ਨ ਪਾਲਾ ਦੇ ਖਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਸੁਰੇਸ਼ ਅਨੁਸਾਰ ਉਹ ਨਗਰ ਨਿਗਮ ’ਚ ਬਤੌਰ ਕਰਮਚਾਰੀ ਤਾਇਨਾਤ ਹੈ। ਚਾਰੇ ਮੁਲਜ਼ਮ ਪਿਛਲੇ ਚਾਰ ਦਿਨਾਂ ਤੋਂ ਉਸਦੇ ਲੜਕੇ ਅਕਸ਼ੇ ਨੂੰ ਧਮਕੀਆਂ ਦੇ ਰਹੇ ਸਨ ਕਿ ਉਹ ਕਿਸੇ ਵੀ ਹਾਲ ’ਚ ਉਸ ਨੂੰ ਨਹੀਂ ਛੱਡਣਗੇ। ਐਸਐਚਓ ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਹਾਲੇ ਕੋਈ ਮੁਲਜ਼ਮ ਪੁਲੀਸ ਗ੍ਰਿਫ਼ਤ ’ਚ ਨਹੀਂ ਹੈ, ਚਾਰਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।
INDIA ਸੰਘਣੀ ਧੁੰਦ ਕਾਰਨ ਨੌਂ ਵਾਹਨ ਆਪਸ ’ਚ ਟਕਰਾਏ